ਨਿੱਕੇ ਹੁੰਦਿਆਂ ਤੋਂ ਹੀ ਕਈ ਮਾਪਿਆਂ ਦੇ ਵਲੋਂ ਆਪਣੇ ਬੱਚਿਆਂ ਨੂੰ ਬਹਾਦਰ ਸਿਪਾਹੀ ਬਣਾਉਣ ਦੀਆਂ ਸੋਚਾਂ ਸੋਚਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਪਰ ਬੱਚੇ ਦਾ ਮਨ ਕਿਸੇ ਹੋਰ ਨੌਕਰੀ ਦੇ ਵਿਚ ਹੁੰਦਾ ਹੈ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ, ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਉਹਦੇ ਵਿਚ ਤਬਦੀਲੀਆਂ ਆਉਂਦੀਆਂ ਹਨ ਤਾਂ, ਉਹ ਬੜਾ ਕੁਝ ਨਵਾਂ ਸਿੱਖਦਾ ਹੈ ਅਤੇ ਆਪਣੇ ਵਿਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਬੱਚੇ ਤੋਂ ਵੱਡਾ ਹੋਇਆ ਨੌਜਵਾਨ ਮੁੰਡਾ ਜਾਂ ਫਿਰ ਕੁੜੀ ਨੂੰ, ਜਦੋਂ ਘਰ ਤੋਂ ਹੱਲਾ ਸ਼ੇਰੀ ਮਿਲਦੀ ਹੈ ਤਾਂ, ਉਹ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਦਾ/ਵੇਖਦੀ। ਕਿਉਂਕਿ ਮਾਪੇ ਹੀ ਅਜਿਹੇ ਬੱਚਿਆਂ ਦੇ ਲਈ ਉਹ ਸਭ ਕੁਝ ਹੁੰਦੇ ਹਨ, ਜੋ ਉਨ੍ਹਾਂ ਨੂੰ ਚੰਗਾ ਰਸਤਾ ਵਿਖਾ ਕੇ ਅੱਗੇ ਲਿਜਾਣ ਦੇ ਵਿਚ ਮਦਦ ਕਰਦੇ ਹਨ ਅਤੇ ਆਪਣੇ ਬੱਚਿਆਂ ਨੂੰ ਕਦੇ ਦੀ ਹਾਰ 'ਤੇ ਵੀ ਖੁਸ਼ੀ ਮਹਿਸੂਸ ਕਰਦੇ ਹਨ। ਅੱਜ ਬੇਸ਼ੱਕ ਬੰਦਾ ਕਈ ਮੁਸੀਬਤਾਂ ਆਪਣੇ ਸਿਰ ਹਢਾ ਰਿਹਾ ਹੈ, ਪਰ ਇਸ ਦਾ ਇਕੋਂ ਇਕ ਹੀ ਕਾਰਨ ਹੈ ਕਿ ਮਨੁੱਖ ਆਪਣੇ ਲਈ ਸਮਾਂ ਨਹੀਂ ਕੱਢ ਰਿਹਾ, ਕਿਉਂਕਿ ਜਿੰਨੀਂ ਦੇਰ ਤੱਕ ਮਨੁੱਖ ਆਪਣੇ ਲਈ ਸਮਾਂ ਨਹੀਂ ਕੱਢ ਪਾਉਂਦਾ, ਉਨ੍ਹੀਂ ਦੇਰ ਤੱਕ ਉਹਦੇ ਉਪਰ ਨਿੱਤ ਨਵੀਆਂ ਮੁਸੀਬਤਾਂ ਆਉਂਦੀਆਂ ਹੀ ਰਹਿਣਗੀਆਂ। ਜਦੋਂ ਮਨੁੱਖ ਆਪਣੇ ਲਈ ਸਮਾਂ ਕੱਢਣਾ ਸ਼ੁਰੂ ਕਰ ਦਿੰਦਾ ਹੈ, ਤਾਂ ਉਹ ਮੁਸੀਬਤਾਂ ਵੀ ਝੱਟ ਪੱਟ ਦੂਰ ਹੋ ਜਾਂਦੀਆਂ ਹਨ। ਕਿਉਂਕਿ ਇਕ ਮਨੁੱਖ ਆਪਣੇ 'ਤੇ ਆਈ ਮੁਸੀਬਤ ਨੂੰ ਜਦੋਂ ਆਪਣੇ ਨਾਲ ਦੇ ਸਾਥੀ ਦੇ ਨਾਲ ਸ਼ੇਅਰ ਕਰਦਾ ਹੈ ਤਾਂ, ਉਕਤ ਮੁਸੀਬਤ ਆਪਣੇ ਆਪ ਹੀ ਦੂਰ ਹੋ ਜਾਂਦੀ ਹੈ। ਮਨੁੱਖ ਵੈਸੇ ਤਾਂ ਗਲਤੀਆਂ ਦਾ ਪੁਤਲਾ ਹੈ, ਪਰ ਹਰ ਵਾਰ ਮਨੁੱਖ ਗਲਤੀ ਜਾਣਬੁੱਝ ਨਹੀਂ ਕਰਦਾ, ਕਦੇ ਕਦੇ ਹਲਾਤ ਉਹਦੇ ਕੋਲੋਂ ਗਲਤੀਆਂ ਕਰਵਾ ਦਿੰਦੇ ਹਨ। ਜਦੋਂ ਵੀ ਮੁਸੀਬਤਾਂ ਦੇ ਵਿਚ ਬੰਦਾ ਇਕੱਲਾ ਖੜਾ ਹੁੰਦਾ ਹੈ ਤਾਂ ਉਸ ਨੂੰ ਲੱਗਦਾ ਹੁੰਦਾ ਹੈ ਕਿ ਸਭ ਕੁਝ ਖ਼ਤਮ ਹੋ ਗਿਆ ਅਤੇ ਹੁਣ ਉਹਦੇ ਪੱਲਾ ਕੁਝ ਵੀ ਨਹੀਂ ਪੈਣ ਵਾਲਾ, ਪਰ ਜਦੋਂ ਬੰਦਾ ਆਪਣੀ ਮੁਸੀਬਤ ਨੂੰ ਆਪਣੇ ਮਾਪਿਆਂ ਜਾਂ ਫਿਰ ਦੋਸਤਾਂ ਦੇ ਨਾਲ ਸ਼ੇਅਰ ਕਰਦਾ ਹੈ ਤਾਂ, ਇੰਝ ਲੱਗਦਾ ਹੁੰਦਾ ਹੈ ਕਿ ਜਿਵੇਂ ਮੁਸੀਬਤ ਤਾਂ ਸਿਰ 'ਤੇ ਆਈ ਹੀ ਨਹੀਂ ਸੀ। ਅੱਜ ਬਹੁਤ ਸਾਰੇ ਬੱਚੇ ਮੋਬਾਈਲ ਦੀ ਦੁਨੀਆਂ ਵਿਚ ਇਸ ਕਦਰ ਖ਼ੋਹ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣਾ ਮਾਂ ਬਾਪ ਵੀ ਯਾਦ ਨਹੀਂ ਰਿਹਾ। ਕੋਈ ਵਿਰਲਾ ਹੀ ਇਸ ਜਮਾਨੇ ਦੇ ਅੰਦਰ ਬੱਚਾ ਅਜਿਹਾ ਹੋਵੇਗਾ, ਜੋ ਆਪਣੇ ਮਾਪਿਆਂ ਦਾ ਕਹਿਣਾ ਮੰਨਦਾ ਹੋਵੇਗਾ, ਨਹੀਂ ਤਾਂ ਬਹੁਤੇ ਬੱਚੇ ਮੋਬਾਈਲ ਫੋਨ ਅਤੇ ਲੈੱਪਟਾਪ ਦੇ ਵਿਚ ਸਾਰਾ ਦਿਨ ਵਿਅਸਤ ਰਹਿਣ ਦੇ ਕਾਰਨ ਆਪਣੇ ਮਾਪਿਆਂ ਦੇ ਨਾਲ ਗੱਲਬਾਤ ਹੀ ਨਹੀਂ ਕਰਦੇ। ਜਿਸ ਦੇ ਕਾਰਨ ਹੌਲੀ ਹੌਲੀ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਜਦੋਂ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਨ ਤਾਂ, ਉਨ੍ਹਾਂ ਉਪਰ ਅਜਿਹੀ ਮੁਸੀਬਤ ਆ ਪੈਂਦੀ ਹੈ, ਜਿਸ ਬਾਰੇ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਬੱਚਿਆਂ ਦਾ ਆਪਣੇ ਮਾਪਿਆਂ ਨੂੰ ਆਪਣੀ ਮੁਸੀਬਤ ਦੇ ਬਾਰੇ ਵਿਚ ਨਾ ਦੱਸਣਾ ਹੀ ਸਭ ਤੋਂ ਵੱਡੀ ਗਲਤੀ ਹੈ, ਪਰ ਇਸ ਵਿਚ ਅਸੀਂ ਇਕੱਲੇ ਬੱਚਿਆਂ ਨੂੰ ਹੀ ਦੋਸ਼ੀ ਨਹੀਂ ਮੰਨਾਂਗੇ, ਦੋਸ਼ੀ ਅਸੀਂ ਉਨ੍ਹਾਂ ਮਾਪਿਆਂ ਨੂੰ ਵੀ ਮੰਨਾਂਗੇ, ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਖ਼ਿਆਲ ਨਹੀਂ ਰੱਖਿਆ ਅਤੇ ਬਗੈਰ ਝਿੜਕਣ ਤੋਂ ਹੀ ਆਪਣੇ ਬੱਚਿਆਂ ਨੂੰ ਖੁੱਲ੍ਹਾ ਛੱਡਿਆ। ਜਦੋਂ ਬੱਚੇ ਕਹਿਣੇ ਵਿਚ ਨਹੀਂ ਰਹਿੰਦੇ ਤਾਂ, ਉਹ ਜਰੂਰ ਕੁਝ ਗਲਤ ਕਦਮ ਪੁੱਟ ਲੈਂਦੇ ਹਨ, ਜੋ ਉਨ੍ਹਾਂ ਨੂੰ ਕਈ ਵਾਰ ਮੌਤ ਦੇ ਮੂੰਹ ਵੱਲ ਵੀ ਲੈ ਜਾਂਦੇ ਹਨ। ਜਿਵੇਂ ਕਿ ਆਉਣ ਵਾਲੇ ਸਮੇਂ ਵਿਚ ਵਿਦਿਆਰਥੀਆਂ ਦੀਆਂ ਪ੍ਰੀਖਿਆ ਹੋਣ ਵਾਲੀਆਂ ਹਨ ਤਾਂ ਬੱਚਿਆਂ ਨੂੰ ਆਪਣੀਆਂ ਪ੍ਰੀਖਿਆਵਾਂ ਦੀ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਹੀ ਕਰਨੀ ਚਾਹੀਦੀ ਹੈ ਤਾਂ, ਜੋ ਉਹ ਚੰਗੇ ਨਤੀਜੇ ਹਾਂਸਲ ਕਰਕੇ ਪਾਸ ਹੋ ਜਾਣ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਣ ਕਰਨ। ਸਾਡੇ ਦੇਸ਼ ਦੇ ਅੰਦਰ ਹੀ ਬਹੁਤ ਸਾਰੇ ਬੱਚੇ ਜਦੋਂ ਪ੍ਰੀਖਿਆਵਾਂ ਦੇ ਵਿਚੋਂ ਫੇਲ ਹੋ ਜਾਂਦੇ ਹਨ ਤਾਂ, ਉਹ ਉਦਾਸ ਰਹਿਣ ਲੱਗ ਜਾਂਦੇ ਹਨ। ਨਿੱਕੀ ਉਮਰੇ ਬੱਚਿਆਂ ਦੇ ਮੁੱਖੜੇ 'ਤੇ ਆਈ ਉਦਾਸੀ ਉਨ੍ਹਾਂ ਨੂੰ ਕਈ ਵਾਰ ਅਜਿਹੇ ਮੋੜ 'ਤੇ ਲਿਆ ਕੇ ਖ਼ੜਾ ਕਰ ਦਿੰਦੀ ਹੈ, ਜਿਥੋਂ ਬੱਚਿਆਂ ਨੂੰ ਲੱਗਦਾ ਹੈ ਕਿ ਹੁਣ ਉਨ੍ਹਾਂ ਦੀ ਪੜਾਈ ਲਿਖਾਈ ਦਾ ਕੁਝ ਨਹੀਂ ਹੋ ਸਕਦਾ, ਬਸ ਚੰਗਾ ਹੋਵੇਗਾ ਕਿ ਜੇਕਰ ਉਹ ਆਪਣੀ ਜਾਨ ਦੇ ਦੇਣ ਤਾਂ, ਜੋ ਜਮਾਨਾਂ ਵੀ ਉਨ੍ਹਾਂ ਨੂੰ ਗੱਲਾਂ ਨਾ ਕਰੇ। ਨਿੱਕੀ ਉਮਰੇ ਮੌਤ ਨੂੰ ਗਲੇ ਲਗਾਉਣਾ ਜਿਥੇ ਚਿੰਤਾਂ ਦਾ ਵਿਸ਼ਾ ਹੈ, ਉਥੇ ਹੀ ਸਾਡੇ ਸਾਰਿਆਂ ਦੇ ਲਈ ਇਹ ਸਵਾਲ ਵੀ ਖੜਾ ਕਰਦਾ ਹੈ ਕਿ ਅਸੀਂ ਬੱਚਿਆਂ ਨੂੰ ਫੇਲ ਹੋਣ ਤੋਂ ਮਗਰੋਂ ਉਦਾਸ ਹੀ ਕਿਉਂ ਹੋਣ ਦਿੰਦੇ ਹਾਂ? ਕਿਉਂ ਨਹੀਂ ਅਸੀਂ ਫੇਲ ਹੋਣ ਵਾਲੇ ਬੱਚਿਆਂ ਦੇ ਨਾਲ ਚੰਗਾ ਵਿਵਹਾਰ ਕਰਦੇ। ਜੇਕਰ ਇਕ ਵਾਰ ਬੱਚਾ ਪੜਾਈ ਦੇ ਵਿਚੋਂ ਫੇਲ ਹੋ ਗਿਆ ਤਾਂ ਉਸ ਬੱਚੇ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰੋ ਅਤੇ ਉਸ ਨੂੰ ਕਹੋ ਕਿ ਹਾਲੇ ਜੰਗ ਖਤਮ ਨਹੀਂ ਹੋਈ, ''ਤੂੰ ਪੜ੍ਹ, ਲਿਖ ਅਸੀਂ ਤੈਨੂੰ ਅੱਗੇ ਲੈ ਕੇ ਜਾਵਾਂਗੇ''। ਜਦੋਂ ਫੇਲ ਹੋਣ ਵਾਲਾ ਬੱਚਾ ਆਪਣੇ ਅਧਿਆਪਕਾਂ, ਮਾਪਿਆਂ ਜਾਂ ਫਿਰ ਦੋਸਤਾਂ ਕੋਲੋਂ ਅਜਿਹੇ ਸ਼ਬਦ ਸੁਣਦਾ ਹੈ ਤਾਂ, ਉਹ ਅਗਲੀ ਜਮਾਤ ਵਿਚ ਜਰੂਰ ਪਾਸ ਹੋ ਜਾਂਦਾ ਹੈ। ਵੈਸੇ ਸਾਡੇ ਦੇਸ਼ ਦੇ ਅੰਦਰ ਪ੍ਰੀਖਿਆਵਾਂ ਦੇ ਵਿਚੋਂ ਫੇਲ ਹੋਣ 'ਤੇ ਨਿਸ਼ਾਰਾ ਹੀ ਬੱਚਿਆਂ ਦੇ ਵਿਚ ਵੇਖਣ ਨੂੰ ਮਿਲਦੀ ਹੈ, ਜੋ ਕਿ ਬਿਲਕੁਲ ਗਲਤ ਹੈ। ਬੱਚਿਆਂ ਨੂੰ ਸਕੂਲ ਦੀ ਪੜ੍ਹਾਈ ਸਮੇਂ ਇੰਨੀਂ ਕੁ ਜ਼ਿਆਦਾ ਮੇਹਨਤ ਕਰਨੀ ਚਾਹੀਦੀ ਹੈ ਕਿ ਉਹ ਕਦੇ ਵੀ ਉਦਾਸ ਨਾ ਹੋਣ। ਜੇਕਰ ਘੱਟ ਨੰਬਰ ਆਉਣ ਤਾਂ ਵੀ ਉਹ ਖੁਸ਼ ਹੋਣ ਕਿ ਜੋ ਉਨ੍ਹਾਂ ਨੇ ਮੇਹਨਤ ਕੀਤੀ ਸੀ, ਉਹਦਾ ਫਲ ਉਨ੍ਹਾਂ ਨੂੰ ਪ੍ਰਾਪਤ ਹੋਇਆ। ਜਦੋਂ ਇਕ 12-14 ਸਾਲ ਦਾ ਵਿਦਿਆਰਥੀ ਫੇਲ ਹੋਣ ਤੋਂ ਮਗਰੋਂ ਹਿੰਮਤ ਹਾਰ ਜਾਂਦਾ ਹੈ ਤਾਂ, ਉਹ ਫਿਰ ਕੁਝ ਵੀ ਹੋਰ ਨਹੀਂ ਸੋਚਦਾ ਅਤੇ ਨਾ ਹੀ ਉਹ ਹੋਰ ਕੁਝ ਸੋਚਣਾ ਚਾਹੁੰਦਾ ਹੁੰਦਾ ਹੈ। ਉਹਦੇ ਕੋਲ ਮੁਸੀਬਤ ਦੇ ਨਾਲ ਡੱਟ ਕੇ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਰਹਿੰਦੀ, ਕਿਉਂਕਿ ਉਹ ਫੇਲ ਹੋਣ 'ਤੇ ਮਾਪਿਆਂ ਨੂੰ ਆਪਣੀ ਪੂਰਨ ਕੰਮਜੋਰੀ ਦੱਸਦਾ ਨਹੀਂ ਅਤੇ ਨਾ ਹੀ ਅੱਜ ਕੱਲ੍ਹ ਦੇ ਮਾਪੇ ਆਪਣੇ ਬੱਚਿਆਂ ਨੂੰ ਉਸ 'ਤੇ ਪਈ ਮੁਸੀਬਤ ਦੇ ਬਾਰੇ ਵਿਚ ਜਾਣ ਕੇ ਖੁਸ਼ ਹਨ, ਕਿਉਂਕਿ ਮਾਪੇ ਆਪਣੇ ਕੰਮਾਂ ਵਿਚ ਵਿਅਸਤ ਹਨ। ਕੋਈ ਵੀ ਬੱਚਾ ਉਦੋਂ ਤੱਕ ਹਾਰ ਨਹੀਂ ਸਕਦਾ, ਜਦੋਂ ਤੱਕ ਉਹਦੇ ਵਿਚ ਹਿੰਮਤ ਅਤੇ ਜਜਬਾ ਹੈ, ਕਿਉਂਕਿ ਹਿੰਮਤ ਬੱਚੇ ਨੂੰ ਅੱਗ ਵੱਧਣਾ ਸਿਖਾਉਂਦੀ ਹੈ। ਫੇਲ ਹੋਣ 'ਤੇ ਨਿਰਾਸ਼ ਹੋਣ ਵਾਲੇ ਇਨਸਾਨ ਬਹੁਤ ਹੀ ਕਮਜੋਰ ਦਿਲ ਦੇ ਇਨਸਾਨ ਹੁੰਦੇ ਹਨ, ਜੋ ਕਦੇ ਵੀ ਅੱਗੇ ਨਹੀਂ ਵੱਧ ਸਕਦੇ ਅਤੇ ਨਾ ਹੀ ਉਨ੍ਹਾਂ ਦੇ ਸਾਹਮਣੇ ਕੋਈ ਚੰਗੇ ਰਸਤੇ ਹੁੰਦੇ ਹਨ। ਜਿਹੜਾ ਬੰਦਾ ਫੇਲ ਹੋਣ 'ਤੇ ਨਿਰਾਸ਼ ਹੋ ਜਾਂਦਾ ਹੈ, ਉਹ ਕਦੇ ਵੀ ਜਿੰਦਗੀ ਵਿਚ ਕਾਮਯਾਬ ਨਹੀਂ ਹੁੰਦਾ। ਅੱਜ ਬਹੁਤ ਸਾਰੇ ਨੌਜਵਾਨ ਉੱਚ ਡਿਗਰੀਆਂ ਹਾਂਸਲ ਕਰਨ ਤੋਂ ਬਾਅਦ ਨਿਰਾਸ਼ ਹੋ ਕੇ ਘਰ ਬੈਠ ਜਾਂਦੇ ਹਨ ਅਤੇ ਆਪਣੇ ਮਾਪਿਆਂ ਦੇ ਉਪਰ ਬੋਝ ਬਣ ਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਚੰਗੀ ਕੋਈ ਨੌਕਰੀ ਪ੍ਰਾਪਤ ਨਹੀਂ ਹੋ ਪਾਉਂਦੀ। ਪਰ ਜੇਕਰ ਉਹੀ ਬੱਚੇ ਆਪਣਾ ਕੋਈ ਕੰਮ ਧੰਦਾ ਕਰਕੇ ਜਾਂ ਫਿਰ ਛੋਟੀ ਮੋਟੀ ਨੌਕਰੀ ਕਰਕੇ, ਆਪਣਾ ਕੰਮ ਸ਼ੁਰੂ ਕਰਨ ਤਾਂ ਜਰੂਰ ਉਹ ਅੱਗੇ ਵੱਧ ਕੇ ਬੁਲੰਦੀਆਂ ਛੂਹ ਸਕਦੇ ਹਨ। ਅੱਜ ਤੱਕ ਜਿੰਨੇ ਵੀ ਇਨਸਾਨ ਇਸ ਦੁਨੀਆਂ 'ਤੇ ਆਏ ਹਨ, ਕੋਈ ਵੀ ਇਨਸਾਨ ਅਜਿਹਾ ਨਹੀਂ ਹੋਵੇਗਾ, ਜਿਸ 'ਤੇ ਕੋਈ ਮੁਸੀਬਤ ਨਾ ਆਈ ਹੋਵੇ। ਹਰ ਇਨਸਾਨ 'ਤੇ ਮੁਸੀਬਤ ਆਈ ਹੈ ਅਤੇ ਬਹੁਤ ਸਾਰੇ ਇਨਸਾਨਾਂ ਨੇ ਆਪਣੀ ਮੁਸੀਬਤ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਤੋਂ ਦੂਰ ਕੀਤਾ ਹੈ। ਭਾਵੇਂ ਹੀ ਦੁਖ ਸੁਖ ਬੰਦੇ ਦੀ ਜਿੰਦਗੀ ਦਾ ਹੀ ਇਕ ਹਿੱਸਾ ਹਨ, ਪਰ ਦੁੱਖ ਉਦੋਂ ਹੀ ਆਉਂਦੇ ਹਨ, ਜਦੋਂ ਅਸੀਂ ਹਿੰਮਤ ਹਾਰ ਕੇ ਬੈਠ ਜਾਂਦੇ ਹਾਂ। ਜੇਕਰ ਮਨੁੱਖ ਚੱਲਦਾ ਰਹੇ ਤਾਂ, ਉਹ ਜਰੂਰ ਕਾਮਯਾਬ ਹੋ ਸਕਦਾ ਹੈ, ਕਿਉਂਕਿ ਚਲਦਾ ਰਹਿਣ ਵਾਲਾ ਮਨੁੱਖ ਕਦੇ ਵੀ ਹਾਰਦਾ ਨਹੀਂ ਅਤੇ ਜੇਕਰ ਉਹ ਹਾਰ ਵੀ ਜਾਵੇ ਤਾਂ, ਉਹ ਉਦਾਸ ਨਹੀਂ ਹੁੰਦਾ, ਕਿਉਂਕਿ ਉਦਾਸੀ ਨੂੰ ਵੀ ਉਹ ਆਪਣੀ ਇਕ ਕੰਮਜੋਰੀ ਸਮਝ ਲੈਂਦਾ ਹੈ, ਜਿਸ ਨੂੰ ਬਾਅਦ ਵੀ ਮਨੁੱਖ ਬੜੀ ਅਸਾਨੀ ਦੇ ਨਾਲ ਦੂਰ ਕਰ ਦਿੰਦਾ ਹੈ। ਸੋ ਇਸ ਲਈ ਕਦੇ ਵੀ ਹਿੰਮਤ ਨਾ ਹਾਰੋਂ, ਡਟ ਕੇ ਮੁਸੀਬਤਾਂ ਨਾਲ ਮੁਕਾਬਲਾ ਕਰੋ।
ਪਰਮਜੀਤ ਕੌਰ ਸਿੱਧੂ


0 Comments