ਪੰਜਾਬ ਦੇ ਇਸ ਵੇਲੇ ਜੋ ਹਲਾਤ ਹਨ, ਉਹ ਬੇਹੱਦ ਹੀ ਤਰਸਯੋਗ ਹਨ। ਪੰਜਾਬ ਦੇ ਅੰਦਰ ਨਸ਼ਾ, ਬੇਰੁਜ਼ਗਾਰੀ ਅਤੇ ਕਿਸਾਨੀ ਆਤਮਹੱਤਿਆਂ ਇਸ ਕਦਰ ਵੱਧ ਚੁੱਕੀਆਂ ਹਨ, ਕਿ ਕੋਈ ਕਹਿਣ ਦੀ ਹੱਦ ਹੀ ਨਹੀਂ। ਕਿਉਂਕਿ ਨਸ਼ਾ ਜਵਾਨੀ ਖਾ ਰਿਹਾ, ਕਿਸਾਨ ਆਤਮਹੱਤਿਆਂ ਦੇ ਕਾਰਨ ਖ਼ਤਮ ਹੋ ਰਹੀ ਹੈ। ਬਚੇ ਕੁਝ ਨੌਜ਼ਵਾਨ ਵਿਦੇਸ਼ਾਂ ਵੱਲ ਨੂੰ ਰੁਖ ਕਰ ਰਹੇ ਹਨ। ਦੱਸ ਦਈਏ ਕਿ ਸਾਡੇ ਦੇਸ਼ ਦੇ ਅੰਦਰ ਰੁਜ਼ਗਾਰ, ਜਿਨ੍ਹਾਂ ਨੌਜ਼ਵਾਨਾਂ ਨੂੰ ਨਹੀਂ ਮਿਲਦਾ, ਉਹ ਗਲਤ ਰਸਤਿਆਂ 'ਤੇ ਵੀ ਤੁਰ ਰਹੇ ਹਨ। ਜਿਵੇਂ ਕਿ ਪੰਜਾਬ ਦਾ ਨੌਜ਼ਵਾਨ ਨਸ਼ਿਆਂ ਦੇ ਰਾਹ ਪਿਆ ਹੋਇਆ ਹੈ। ਪੰਜਾਬ ਦੇ ਅੰਦਰ ਵੱਡੇ ਪੱਧਰ 'ਤੇ ਨਸ਼ਾ ਭਾਵੇਂ ਹੀ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਬਾਹਰਲੇ ਰਾਜਾਂ ਤੋਂ ਆ ਰਿਹਾ ਹੈ, ਪਰ ਇਸ ਨਸ਼ੇ 'ਤੇ ਕੋਈ ਵੀ ਪੁਲਿਸ ਪ੍ਰਸਾਸ਼ਨ ਰੋਕ ਨਹੀਂ ਲਗਾ ਸਕਿਆ। ਦੱਸ ਦਈਏ ਕਿ ਹੈਰੋਇਨ, ਅਫ਼ੀਮ, ਪੋਸਤ ਅਤੇ ਡੋਡਿਆਂ ਤੋਂ ਬਾਅਦ ਪੰਜਾਬ ਦੇ ਅੰਦਰ ਮੈਡੀਕਲ ਨਸ਼ਾ ਇਸ ਕਦਰ ਪੈਰ ਜਮ੍ਹਾ ਚੁੱਕਿਆ ਹੈ ਕਿ ਹੁਣ ਮੈਡੀਕਲ ਨਸ਼ੇ ਨੂੰ ਖ਼ਤਮ ਕਰਨਾ, ਸਾਡੇ ਅਤੇ ਸਰਕਾਰ ਦੇ ਵੱਸ ਦੀ ਗੱਲ ਨਹੀਂ ਰਹੀ। ਮੈਡੀਕਲ ਨਸ਼ਾ ਜਿਥੇ ਹੁਣ ਘਰ ਘਰ ਵੜ ਚੁੱਕਿਆ ਹੈ, ਉਥੇ ਹੀ ਇਸ ਨਸ਼ੇ ਦੇ ਕਾਰਨ ਹੁਣ ਤੱਕ ਕਈ ਨੌਜ਼ਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਵੱਡੇ ਪੱਧਰ 'ਤੇ ਮੈਡੀਕਲ ਸਟੋਰਾਂ ਤੋਂ ਮਿਲਣ ਵਾਲੀਆਂ ਨਸ਼ੇ ਦੀਆਂ ਗੋਲੀਆਂ ਅਤੇ ਪਾਊਡਰ ਨੌਜ਼ਵਾਨਾਂ ਦੀਆਂ ਜੜ੍ਹਾਂ ਵਿਚ ਬਹਿ ਰਿਹਾ ਹੈ। ਪੰਜਾਬ ਦੀ ਜਵਾਨੀ ਨੂੰ ਹੁਣ ਚਿੱਟੇ ਪਾਊਡਰ ਅਤੇ ਨਸ਼ੇ ਦੀਆਂ ਗੋਲੀਆਂ ਨੇ ਆਪਣੇ ਵੱਲ ਖਿੱਚਣ ਨੂੰ ਮਜ਼ਬੂਰ ਕਰ ਦਿੱਤਾ ਹੈ। ਵੇਖਿਆ ਜਾਵੇ ਤਾਂ ਹੁਣ ਉਨ੍ਹੇ ਨੌਜ਼ਵਾਨ ਹੈਰੋਇਨ, ਅਫੀਮ ਪੋਸਤ ਖ਼ਾਣ ਦੇ ਨਾਲ ਨਹੀਂ ਮਰ ਰਹੇ। ਜਿੰਨੇਂ ਨੌਜ਼ਵਾਨ ਮੈਡੀਕਲ ਨਸ਼ੇ ਦਾ ਸੇਵਨ ਕਰਕੇ ਮਰ ਰਹੇ ਹਨ। ਪੰਜਾਬ ਦੇ ਵਿਚ ਪਿੰਡ ਪਿੰਡ ਕਈ ਮੈਡੀਕਲ ਨਸ਼ੇ ਦੇ ਤਸਕਰ ਪੈਦਾ ਹੋ ਚੁੱਕੇ ਹਨ, ਜਿਨ੍ਹਾਂ ਦੇ ਵਿਚ ਵੱਡੇ ਪੱਧਰ 'ਤੇ ਔਰਤਾਂ ਵੀ ਸ਼ਾਮਲ ਹਨ। ਔਰਤਾਂ ਦੇ ਵਲੋਂ ਨਸ਼ੇ ਦੀਆਂ ਗੋਲੀਆਂ ਅਤੇ ਨਸ਼ੀਲਾ ਪਾਊਡਰ ਚਿੱਟੇ ਦਿਨੇ ਹੀ ਵੇਚਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤਾਂ 'ਤੇ ਪੁਲਿਸ ਸ਼ੱਕ ਬਹੁਤ ਘੱਟ ਕਰਦੀ ਹੈ, ਇਸ ਲਈ ਉਹ ਵੀ ਮੈਡੀਕਲ ਨਸ਼ਾ ਵੇਚ ਕੇ ਮੋਟਾ ਪੈਸਾ ਕਮਾ ਰਹੀਆਂ ਹਨ। ਵੇਖਿਆ ਜਾਵੇ ਤਾਂ ਮੈਡੀਕਲ ਨਸ਼ਾ ਵੀ ਹੈਰੋਇਨ ਦੇ ਨਸ਼ੇ ਨਾਲੋਂ ਘੱਟ ਨਹੀਂ ਹੈ। ਇਕ ਤਾਜ਼ਾ ਜਾਣਕਾਰੀ ਮੁਤਾਬਿਕ ਥਾਣਾ ਘੱਲ ਖੁਰਦ ਪੁਲਿਸ ਦੇ ਵਲੋਂ ਗਸ਼ਤ ਦੇ ਦੌਰਾਨ 300 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਅੰਦਰ ਵੱਖ ਵੱਖ ਪ੍ਰਕਾਰ ਦੇ ਨਸ਼ੇ ਵੇਚਦੀ ਆ ਰਹੀ ਸੀ, ਜਿਸ ਨੂੰ ਕਿ ਪੁਲਿਸ ਨੇ ਗਸ਼ਤ ਦੇ ਦੌਰਾਨ ਕਾਬੂ ਕਰ ਲਿਆ ਅਤੇ ਉਸ ਦੇ ਕਬਜ਼ੇ ਵਿਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀ। ਪੁਲਿਸ ਦੇ ਵਲੋਂ ਉਕਤ ਔਰਤ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਮੁਕੱਦਮੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਘੱਲ ਖੁਰਦ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਦੇ ਵਲੋਂ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਫੜਣ ਦੇ ਲਈ ਇਕ ਵਿਸੇਸ਼ ਮੁਹਿੰਮ ਦਾ ਅੰਗਾਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਉਨ੍ਹਾਂ ਦੇ ਵਲੋਂ ਲਗਾਤਾਰ ਚੋਰ, ਲੁਟੇਰੇ ਅਤੇ ਸਮੱਗਲਰ ਫੜੇ ਜਾ ਰਹੇ ਹਨ। ਏਐਸਆਈ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਪੁਲਿਸ ਪਾਰਟੀ ਸਮੇਤ ਬੀਤੇ ਦਿਨ ਲੋਹਾਮ ਰੋਡ 'ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਹੀ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਵਲੋਂ ਸ਼ੱਕ ਦੇ ਤਹਿਤ ਇਕ ਔਰਤ ਨੂੰ ਰੋਕਿਆ ਗਿਆ। ਏਐਸਆਈ ਨੇ ਦਾਅਵਾ ਕਰਦਿਆ ਹੋਇਆ ਦੱਸਿਆ ਕਿ ਜਦੋਂ ਉਕਤ ਔਰਤ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿਚੋਂ 300 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਮੁਤਾਬਿਕ ਫੜੀ ਗਈ ਔਰਤ ਦੀ ਪਛਾਣ ਮਲਕੀਤ ਕੌਰ ਪਤਨੀ ਗੁਰਦੇਵ ਸਿੰਘ ਵਾਸੀ ਵਾਰਡ ਨੰਬਰ 1 ਲੋਹਾਮ ਰੋਡ ਮੁੱਦਕੀ ਵਜੋਂ ਹੋਈ ਹੈ, ਜਿਸ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

0 Comments