ਘਰ ਘਰ ਨੌਕਰੀ ਮੁਹਿੰਮ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਜਿੱਥੇ ਭੱਜ ਚੁੱਕੀ ਹੈ, ਉੱਥੇ ਹੀ ਪਹਿਲੋਂ ਨੌਕਰੀਆਂ ਕਰ ਰਹੇ ਨੌਜਵਾਨਾਂ ਕੋਲੋਂ ਵੀ ਨੌਕਰੀਆਂ ਖ਼ੋਹੀਆਂ ਜਾ ਰਹੀਆਂ ਹਨ। ਇੱਥੇ ਦੱਸ ਦਈਏ ਕਿ ਪੰਜਾਬ ਦੀ ਕੈਪਟਨ ਸਰਕਾਰ ਦੇ ਵੱਲੋਂ ਘਰ ਘਰ ਨੌਕਰੀ ਮੁਹਿੰਮ ਦੇ ਤਹਿਤ ਪੰਜਾਬ ਭਰ ਦੇ ਵਿੱਚ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਰੁਜ਼ਗਾਰ ਮੇਲਿਆਂ ਦੇ ਵਿੱਚ ਨੌਜਵਾਨਾਂ ਨੂੰ ਸਰਕਾਰੀ ਨਹੀਂ, ਬਲਕਿ ਨਿਜੀ ਕੰਪਨੀਆਂ ਵਿੱਚ ਨੌਕਰੀਆਂ ਪ੍ਰਾਪਤ ਹੋ ਰਹੀਆਂ ਹਨ। ਨਿਜੀ ਕੰਪਨੀਆਂ ਦੇ ਵਿੱਚ ਤਨਖ਼ਾਹ ਘੱਟ ਹੋਣ ਦੇ ਕਾਰਨ ਨੌਜਵਾਨ ਨੌਕਰੀਆਂ ਨੂੰ ਛੱਡ ਰਹੇ ਹਨ, ਕਿਉਂਕਿ ਲੱਖਾਂ ਰੁਪਏ ਪੜਾਈ ਉਪਰ ਖ਼ਰਚ ਕਰਕੇ, ਜੇਕਰ ਤਨਖ਼ਾਹ ਹੀ 5/7 ਹਜ਼ਾਰ ਰੁਪਏ ਮਿਲਣੀ ਹੈ ਤਾਂ, ਫਿਰ ਨੌਕਰੀ ਕਰਨ ਦਾ ਕੀ ਫਾਇੰਦਾ? ਭਾਵੇਂ ਹੀ ਇਨ੍ਹਾਂ ਰੁਜ਼ਗਾਰ ਮੇਲਿਆਂ ਦੇ ਵਿੱਚ ਲੀਡਰਾਂ ਦੇ ਫੀਲਿਆਂ ਵੱਲੋਂ ਆਪਣੇ ਕਰੀਬੀਆਂ ਨੂੰ ਨੌਕਰੀਆਂ ਦਿਵਾਈਆਂ ਜਾ ਰਹੀਆਂ ਹਨ, ਪਰ ਉਹ ਵੀ ਨੌਕਰੀ ਛੱਡ ਕੇ ਘਰ ਪਰਤ ਰਹੇ ਹਨ, ਕਿਉਂਕਿ ਮਹਿੰਗਾਈ ਅਤੇ ਖ਼ਰਚੇ ਵੱਧ ਹੋਣ ਦੇ ਕਾਰਨ ਘੱਟ ਤਨਖ਼ਾਹ ਦੇ ਨਾਲ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ। ਪਰ ਦੋਸਤੋ, ਸਰਕਾਰ ਦੇ ਵੱਲੋਂ ਨੌਜਵਾਨ, ਵਿਦਿਆਰਥੀਆਂ ਅਤੇ ਬੇਰੁਜ਼ਗਾਰਾਂ ਨੂੰ ਗੁੰਮਰਾਹ ਕਰਨ ਵਾਸਤੇ ਜੋ ਪੰਜਾਬ ਦੇ ਹਰ ਜ਼ਿਲ੍ਹੇ ਦੇ ਅੰਦਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਖ਼ੋਲ੍ਹ ਦਿੱਤੇ ਗਏ ਹਨ, ਉਸਦਾ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੋ ਰਿਹਾ ਹੈ। ਕਿਉਂਕਿ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਮੁਖੀਆਂ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਵਿਦਿਆਰਥੀਆਂ ਦਾ ਦੌਰਾ ਕਰਵਾਇਆ ਜਾ ਰਿਹਾ ਹੈ, ਪਰ ਉੱਥੇ ਵਿਦਿਆਰਥੀਆਂ ਦੇ ਪੱਲੇ ਕੁਝ ਵੀ ਨਹੀਂ ਪੈ ਰਿਹਾ ਅਤੇ ਵਿਦਿਆਰਥੀ ਖ਼ਾਲੀ ਹੱਥ ਵਾਪਸ ਪਰਤ ਰਹੇ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਹਿਲੋਂ ਬਣੇ ਰੁਜ਼ਗਾਰ ਦਫ਼ਤਰਾਂ ਨੂੰ ਹੀ ਸਰਕਾਰ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਝਾਂਸੇ ਤਹਿਤ ਬਿਊਰੋ ਵਿੱਚ ਬੁਲਾ ਕੇ ਉਨ੍ਹਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ, ਜਦਕਿ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਨੌਕਰੀਆਂ ਵਿਖਾ ਕੇ ਨੌਜਵਾਨਾਂ ਦਾ ਮਾਖ਼ੌਲ ਉਡਾਇਆ ਜਾ ਰਿਹਾ ਹੈ। ਇੱਥੇ ਦੱਸ ਇਹ ਵੀ ਦਈਏ ਕਿ ਵਿਦਿਆਰਥੀਆਂ ਨੂੰ ਘਰ-ਘਰ ਰੁਜ਼ਗਾਰ ਮਿਸ਼ਨ, ਸਕਿੱਲ ਟ੍ਰੇਨਿੰਗ, ਪਰਸਨੈਲਿਟੀ ਡਿਵੈਲਪਮੈਂਟ ਅਤੇ ਸਵੈ-ਰੁਜ਼ਗਾਰ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਆਪਣੇ ਸਰਕਾਰੀ ਦਫ਼ਤਰਾਂ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਦੇ ਬਾਰੇ ਵਿੱਚ ਸੋਚ ਚੁੱਕੀ ਹੈ ਅਤੇ ਸਰਕਾਰੀ ਦਫਤਰਾਂ ਦੇ ਅੰਦਰ ਖ਼ਾਲੀ ਪਈਆਂ ਪੋਸਟਾਂ ਨੂੰ ਭਰਨ ਦੀ ਬਜਾਏ, ਸਰਕਾਰ ਦੇ ਵੱਲੋਂ ਰੁਜ਼ਗਾਰ ਮੇਲਿਆਂ ਦੇ ਵਿੱਚ ਵੀ, ਪ੍ਰਾਈਵੇਟ ਕੰਪਨੀਆਂ ਨੂੰ ਬੁਲਾ ਕੇ ਨੌਜਵਾਨਾਂ ਨੂੰ ਬਰਬਾਦੀ ਦੇ ਰਾਹ ਵੱਲ ਧਕੇਲਿਆ ਜਾ ਰਿਹਾ ਹੈ। ਜਿਸ ਤੋਂ ਸਾਫ਼ ਇਹ ਪਤਾ ਲੱਗਦਾ ਹੈ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਿਰਫ਼ ਤੇ ਸਿਰਫ਼ ਡਰਾਮੇਬਾਜ਼ੀ ਕਰਨ ਵਾਸਤੇ ਹੀ ਬਣਾਏ ਗਏ ਹਨ, ਹੋਰ ਇਨ੍ਹਾਂ ਦਾ ਨੌਜਵਾਨਾਂ ਨੂੰ ਕੋਈ ਲਾਭ ਨਹੀਂ ਮਿਲ ਰਿਹਾ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਅੰਦਰ ਜਦੋਂ ਵੀ ਵਿਦਿਆਰਥੀ ਚੰਗੀ ਨੌਕਰੀ ਜਾਂ ਫਿਰ ਵਿੱਦਿਆ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਨ ਵਾਸਤੇ ਪਹੁੰਚਦੇ ਹਨ ਤਾਂ, ਉਨ੍ਹਾਂ ਨੂੰ ਸਰਕਾਰ ਵੱਲੋਂ ਚਲਾਈਆਂ ਨਿਜੀ ਕੰਪਨੀਆਂ ਦੇ ਵਿੱਚ ਭਲਾਈ ਸਕੀਮਾਂ ਦੇ ਬਾਰੇ ਵਿੱਚ ਜ਼ਿਆਦਾ ਦੱਸਿਆ ਜਾਂਦਾ ਹੈ ਅਤੇ ਫੋਟੋਆਂ ਖਿਚਵਾ ਕੇ ਖ਼ਬਰਾਂ ਲਗਵਾ ਕੇ, ਨੌਜਵਾਨਾਂ ਨੂੰ ਘਰੋਂ ਘਰੀਂ ਤੋਰ ਦਿੱਤਾ ਜਾਂਦਾ ਹੈ। ਦੋਸਤੋ, ਮੇਰੇ ਮੁਤਾਬਿਕ ਜੋ ਕੁਝ ਵੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਚੱਲ ਰਿਹਾ ਹੈ, ਉਹ ਕੁੱਲ ਮਿਲਾ ਕੇ ਡਰਾਮਾ ਹੀ ਹੈ, ਹੋਰ ਕੁਝ ਨਹੀਂ।

0 Comments