ਮਾਂ ਬਾਪ ਸਾਰਿਆਂ ਦਾ ਹੀ ਚਾਹੁੰਦਾ ਹੁੰਦਾ ਹੈ ਕਿ ਉਨ੍ਹਾਂ ਦਾ ਧੀ ਪੁੱਤ ਪੜ ਕੇ ਚੰਗਾ ਅਫ਼ਸਰ ਲੱਗ ਜਾਵੇ। ਜਦੋਂ ਬੱਚਾ ਚੰਗੇ ਪੈਸੇ ਖ਼ਰਚ ਕਰਕੇ ਡਿਗਰੀਆਂ ਹਾਂਸਲ ਕਰ ਲੈਂਦਾ ਹੈ ਤਾਂ, ਉਸ ਨੂੰ ਇਕ ਉਮੀਦ ਹੁੰਦੀ ਹੈ ਕਿ ਉਹ ਬਹੁਤ ਜਲਦ ਹੀ ਕੋਈ ਨਾ ਕੋਈ ਅਫ਼ਸਰ ਲੱਗ ਜਾਵੇਗਾ। ਪਰ ਉਕਤ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਹੈ ਕਿ ਇਸ ਦੇਸ਼ ਦੇ ਅੰਦਰ ਸਿਰਫ਼ ਤੇ ਸਿਰਫ਼ ਪੈਸੇ ਵਾਲਿਆਂ ਦਾ ਹੀ ਰਾਜ ਹੈ। ਜਿਸ ਦੇ ਕੋਲ ਪੈਸਾ ਹੈ, ਉਸ ਦੇ ਕੋਲ ਸਭ ਕੁਝ ਹੈ। ਸਾਡੇ ਦੇਸ਼ ਦੇ ਅੰਦਰ ਪੜੇ ਲਿਖੇ ਨੂੰ ਉਨ੍ਹਾਂ ਸਤਿਕਾਰ ਨਹੀਂ ਦਿੱਤਾ ਜਾਂਦਾ। ਜਿਨ੍ਹਾਂ ਅਨਪੜ ਲੀਡਰਾਂ ਨੂੰ ਸਤਿਕਾਰ ਮਿਲਦਾ ਹੈ। ਦੱਸ ਦਈਏ ਕਿ ਉੱਚ ਡਿਗਰੀਆਂ ਹਾਂਸਲ ਕਰਨ ਵਾਲੇ ਮੁੰਡੇ ਕੁੜੀਆਂ ਦੇ ਮਾਂ ਬਾਪ ਨੂੰ ਨਹੀਂ ਪਤਾ ਹੁੰਦਾ ਹੈ ਕਿ ਇਸ ਦੇਸ਼ ਦੇ ਅੰਦਰ ਪੜਿਆ ਲਿਖਿਆ ਦਾ ਕੋਈ ਸਤਿਕਾਰ ਨਹੀਂ ਕਰਦਾ। ਦੋਸਤੋ, ਇਕ ਪਾਸੇ ਤਾਂ ਸਾਡੀਆਂ ਸਿਆਸੀ ਪਾਰਟੀਆਂ ਦੇ ਲੀਡਰ ਚੋਣਾਂ ਦੇ ਵੇਲੇ ਦਾਅਵੇ ਅਤੇ ਵਾਅਦੇ ਕਰਦੇ ਨਹੀਂ ਥੱਕਦੇ, ਪਰ ਦੂਜੇ ਪਾਸੇ ਉਕਤ ਸਿਆਸੀ ਪਾਰਟੀਆਂ ਸੱਤਾ ਵਿਚ ਬਿਰਾਜਮਾਨ ਹੋ ਜਾਂਦੀਆਂ ਹਨ ਤਾਂ, ਉਹ ਪਾਰਟੀਆਂ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਜਾਂਦੀਆਂ ਹਨ। ਅਜਿਹਾ ਕੁਝ ਹੀ ਤਿੰਨ ਸਾਲ ਪਹਿਲੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਕੈਪਟਨ ਨੇ ਚੋਣਾਂ ਤੋਂ ਪਹਿਲੋਂ ਪੰਜਾਬ ਦੇ ਹਰ ਨੌਜਵਾਨ ਦੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਸੱਤਾ ਵਿਚ ਆ ਗਈ ਤਾਂ, ਉਹ ਪੰਜਾਬ ਦੇ ਨੌਕਰੀਆਂ ਦੀ ਝੜੀ ਲਗਾ ਦੇਣਗੇ ਅਤੇ ਹਰ ਘਰ ਨੌਕਰੀ ਦਿੱਤੀ ਜਾਵੇਗੀ ਤਾਂ, ਜੋ ਨੌਜਵਾਨ ਆਪਣਾ ਅਤੇ ਆਪਣੇ ਮਾਂ ਬਾਪ ਦਾ ਗੁਜ਼ਾਰਾ ਕਰ ਸਕਣ। ਕੈਪਟਨ ਨੇ ਵਾਅਦਾ ਤਾਂ, ਇਹ ਵੀ ਕੀਤਾ ਸੀ ਕਿ ਜਿਨ੍ਹੀਂ ਦੇਰ ਤੱਕ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਦੀ। ਉਨ੍ਹੀਂ ਦੇਰ ਤੱਕ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ ਤਾਂ, ਜੋ ਨੌਜਵਾਨ ਮਾਪਿਆਂ ਦੇ ਸਿਰ 'ਤੇ ਬੋਝ ਨਾ ਬਣ ਸਕਣ। ਪਰ ਦੋਸਤੋ, ਕੈਪਟਨ ਦਾ ਵਾਅਦਾ ਸਿਰਫ਼ ਵਾਅਦਾ ਹੀ ਰਿਹਾ। ਕੈਪਟਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਨਾ ਤਾਂ ਘਰ ਘਰ ਨੌਕਰੀ ਮੁਹਿੰਮ ਸ਼ੁਰੂ ਹੋਈ ਅਤੇ ਨਾ ਹੀ ਬੇਰੁਜ਼ਗਾਰੀ ਭੱਤਾ ਪ੍ਰਾਪਤ ਹੋਇਆ। ਇਥੋਂ ਤੱਕ ਕਿ ਜਿਹੜੇ ਨੌਜਵਾਨ ਪਹਿਲੋਂ ਨੌਕਰੀਆਂ ਕਰਦੇ ਸੀ, ਉਨ੍ਹਾਂ 'ਤੇ ਵੀ ਕਈ ਪ੍ਰਕਾਰ ਦੇ ਦੋਸ਼ ਮੜ ਕੇ ਉਨ੍ਹਾਂ ਨੂੰ ਨੌਕਰੀਆਂ ਤੋਂ ਫਾਰਗ ਕਰ ਦਿੱਤਾ ਗਿਆ। ਪੜੀ ਲਿਖੀ ਜਮਾਤ ਇਸ ਵੇਲੇ ਸੜਕਾਂ 'ਤੇ ਹੈ। ਜਦੋਂਕਿ ਪੜਿਆ ਲਿਖਿਆ ਨੂੰ ਦਫ਼ਤਰਾਂ ਦੇ ਅੰਦਰ ਨੌਕਰੀਆਂ ਕਰਦੇ ਹੋਣਾ ਸੀ। ਦੋਸਤੋ, ਪਿਛਲੇ ਕਈ ਮਹੀਨਿਆਂ ਤੋਂ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਅਤੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਵਲੋਂ ਰੁਜ਼ਗਾਰ ਦੀ ਮੰਗ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਹ ਸੰਘਰਸ਼ ਸੰਗਰੂਰ ਵਿਖੇ ਚੱਲ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲੋਂ ਕਈ ਵਾਰ ਅਧਿਆਪਕ ਸਾਥੀਆਂ 'ਤੇ ਪੁਲਿਸ ਸਰਕਾਰ ਦੀ ਸ਼ਹਿ 'ਤੇ ਲਾਠੀਆਂ ਚਲਾ ਚੁੱਕੀ ਹੈ ਅਤੇ ਇਸੇ ਦੌਰਾਨ ਕਈ ਅਧਿਆਪਕ ਜ਼ਖਮੀ ਵੀ ਹੋਏ ਹਨ, ਪਰ ਉਕਤ ਅਧਿਆਪਕਾਂ ਨੂੰ ਹੁਣ ਤੱਕ ਇਨਸਾਫ਼ ਨਹੀਂ ਮਿਲਿਆ। ਇਥੇ ਦੱਸ ਦਈਏ ਕਿ ਲੰਘੇ ਕੱਲ੍ਹ ਵੀ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਅਤੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦਾ ਠਾਠਾਂ ਮਾਰਦਾ ਕਾਫ਼ਲਾ ਭਰਾਤਰੀ ਜਥੇਬੰਦੀਆਂ ਦੇ ਵਰਕਰਾਂ ਨੂੰ ਨਾਲ ਲੈ ਕੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਪਹੁੰਚਿਆ, ਜਿਥੇ ਪਹੁੰਚਦਿਆ ਹੀ ਜਦੋਂ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਅਤੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਵਲੋਂ ਸਰਕਾਰ ਵਿਰੁੱਧ ਨਾਅਰੇਬਾਜੀ ਸ਼ੁਰੂ ਕੀਤੀ ਤਾਂ, ਮੌਕੇ 'ਤੇ ਮੌਜ਼ੂਦ ਪੰਜਾਬ ਦੀ ਪੁਲਿਸ ਦੇ ਵਲੋਂ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ ਕਰ ਦਿੱਤਾ ਗਿਆ। ਇਸ ਲਾਠੀਚਾਰਜ ਦੇ ਦੌਰਾਨ ਕਈ ਅਧਿਆਪਕ ਸਾਥੀ ਜ਼ਖਮੀ ਹੋ ਗਏ। ਦੋਸਤੋ, ਜੇਕਰ ਰੁਜ਼ਗਾਰ ਦੀ ਮੰਗ ਕਰਨ ਵਾਲਿਆਂ 'ਤੇ ਹੀ ਸਰਕਾਰ ਨੇ ਇੰਨਾਂ ਤਸ਼ੱਦਦ ਢਹਾਉਣਾ ਹੈ ਤਾਂ, ਫਿਰ ਸਰਕਾਰ ਨੂੰ ਵੀ ਅੱਗੇ ਤੋਂ ਵੋਟਾਂ ਲੈਣ ਲਈ ਸੋਚ ਲੈਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਦੇ ਕੋਲੋਂ ਸਿਆਸੀ ਲੀਡਰ ਵੋਟਾਂ ਲੈ ਕੇ ਸੱਤਾ ਵਿਚ ਆਏ ਹਨ, ਅੱਜ ਉਨ੍ਹਾਂ ਲੋਕਾਂ ਨੂੰ ਹੀ ਲੀਡਰ ਅੱਖ਼ਾਂ ਵਿਖਾ ਰਹੇ ਹਨ। ਦੱਸ ਦਈਏ ਕਿ ਕੜਾਕੇ ਦੀ ਠੰਡ ਵਿਚ ਬੇਰੁਜ਼ਗਾਰ ਅਧਿਆਪਕ ਸਾਥੀਆਂ 'ਤੇ ਲਾਠੀਚਾਰਜ ਦੇ ਨਾਲ ਨਾਲ ਪਾਣੀਆਂ ਦੀਆਂ ਬੁਛਾੜਾਂ ਵਰਾਹੀਆਂ ਗਈਆਂ। ਇਸ ਤੋਂ ਇਲਾਵਾ ਦੋ ਮਹਿਲਾ ਅਧਿਆਪਕਾਂ ਜੋ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ ਸਨ, ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਵੀ ਕਰਵਾਇਆ ਗਿਆ। ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਤੋਂ ਬਾਅਦ ਬੇਰੁਜ਼ਗਾਰ ਅਧਿਆਪਕ ਤਾਂ ਸੰਘਰਸ਼ ਤੋਂ ਪਿੱਛੇ ਨਹੀਂ ਹਟੇ ਸਗੋਂ ਪੁਲਿਸ ਵਾਲੇ ਜਰੂਰ ਪਿੱਛੇ ਹੱਟ ਗਏ। ਦੋਸਤੋ, ਬੇਰੁਜ਼ਗਾਰਾਂ 'ਤੇ ਹੋਇਆ ਲਾਠੀਚਾਰਜ ਸਾਬਤ ਕਰਦਾ ਹੈ ਕਿ ਸਾਡੇ ਦੇਸ਼ ਦੇ ਅੰਦਰ ਹੱਕਾਂ ਲਈ ਸੰਘਰਸ਼ ਕਰਨ ਵਾਲਿਆਂ ਦੀ ਕੋਈ ਸੁਣਵਾਈ ਨਹੀਂ। ਸਰਕਾਰ ਦੇ ਦਾਅਵੇ ਬਿਲਕੁਲ ਫੇਲ ਹਨ। ਸੋ ਦੋਸਤੋ, ਆਉ ਸਰਕਾਰ ਦੇ ਝੂਠ ਨੂੰ ਬੇਨਕਾਬ ਕਰੀਏ ਅਤੇ ਬੇਰਜ਼ਗਾਰਾਂ ਨੂੰ ਨੌਕਰੀਆਂ ਦਿਵਾਉਣ ਲਈ ਸੰਘਰਸ਼ ਵਿੱਢੀਏ।