ਪਿਛਲੇ ਦਿਨੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਕਥਿਤ ਤੌਰ 'ਤ ਭਾਰਤੀ ਜਨਤਾ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਦੇ ਗੁੰਡਿਆਂ ਵਲੋਂ ਵਿਦਿਆਰਥੀਆਂ 'ਤੇ ਹਮਲਾ ਕੀਤਾ ਗਿਆ, ਜਿਸ ਵਿਚ ਅਨੇਕਾਂ ਹੀ ਵਿਦਿਆਰਥੀ ਜ਼ਖਮੀ ਹੋ ਗਏ। ਵਿਦਿਆਰਥੀਆਂ 'ਤੇ ਹੋਏ ਹਮਲੇ ਦੀ ਇਨਕਲਾਬੀ ਜਥੇਬੰਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ, ਆਲ ਇੰਡੀਆ ਸਟੂਡੈਂਟਸ ਯੂਨੀਅਨ, ਆਲ ਇੰਡੀਆ ਯੂਥ ਫੈਡਰੇਸ਼ਨ ਆਦਿ ਦੇ ਵਲੋਂ ਨਿੰਦਾ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਅਵਤਾਰ ਸਿੰਘ ਮਹਿਮਾ, ਗੁਰਮੀਤ ਸਿੰਘ ਮਹਿਮਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਮੋਹਨ ਸਿੰਘ ਔਲਖ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਆਰਐਸਐਸ-ਭਾਜਪਾ ਦੀ ਸਰਕਾਰ ਜਦੋਂ ਤੋਂ ਕੇਂਦਰ ਦੀ ਸੱਤਾ ਵਿਚ ਆਈ ਹੈ, ਉਦੋਂ ਤੋਂ ਲੈ ਕੇ ਹੀ ਇਨਕਲਾਬੀਆਂ 'ਤੇ ਹਮਲੇ ਜਾਰੀ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਦਿਨੀਂ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਦੇ ਗੁੰਡਿਆਂ ਵਲੋਂ ਜਿਸ ਪ੍ਰਕਾਰ ਹਥਿਆਰਾਂ ਦੇ ਨਾਲ ਵਿਦਿਆਰਥੀਆਂ 'ਤੇ ਹਮਲਾ ਕੀਤਾ ਗਿਆ। ਉਹ ਹਮਲਾ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਯੂਨੀਵਰਸਿਟੀਆਂ ਦੇ ਕੈਂਪਸ ਅੰਦਰ ਹੀ ਅਜਿਹੀ ਗੁੰਡਾਗਰਦੀ ਹੁੰਦੀ ਰਹੇਗੀ ਤਾਂ, ਅਸੀਂ ਚੰਗੇ ਭਵਿੱਖ ਦੀ ਕਾਮਨਾ ਨਹੀਂ ਕਰ ਸਕਦੇ। ਆਗੂਆਂ ਨੇ ਦੋਸ਼ ਲਗਾਇਆ ਕਿ ਪਹਿਲੋਂ ਜਾਮੀਆ ਮਿਲੀਆ ਇੰਸਲਾਮੀਆ ਯੂਨੀਵਰਸਿਟੀ ਅਤੇ ਹੁਣ ਜੇਐੱਨਯੂ ਦੇ ਵਿਚ, ਜਿਸ ਪ੍ਰਕਾਰ ਪੁਲਿਸ ਦੀ ਸ਼ਹਿ 'ਤੇ ਏਬੀਵੀਪੀ ਦੇ ਗੁੰਡੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਏ ਅਤੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ, ਉਸ ਤੋਂ ਸਾਫ਼ ਹੋ ਜਾਂਦਾ ਹੈ ਪੁਲਿਸ ਵੀ, ਮੋਦੀ ਇਸ਼ਾਰੇ 'ਤੇ ਕੰਮ ਕਰ ਰਹੀ ਹੈ ਅਤੇ ਵਿਦਿਆਰਥੀਆਂ 'ਤੇ ਹਮਲੇ ਕਰ ਰਹੀ ਹੈ।