ਸਰਕਾਰੀ ਸਕੂਲਾਂ ਵਿਚ ਪੜਾਉੁਣਾ ਸਿਰਫ਼ ਅਧਿਆਪਕ ਦਾ ਪੜਾਉਣਾ ਹੀ ਨਹੀਂ ਹੁੰਦਾ, ਸਗੋਂ ਇਹ ਸਮਝਣਾ ਵੀ ਹੁੰਦਾ ਹੈ ਕਿ ਜਿਸ ਹਾਲਤ ਵਿਚ ਸਾਡੇ ਸਕੂਲੀ ਬੱਚੇ ਰਹਿੰਦੇ ਹਨ ਜਾਂ ਜਿਉਂਦੇ ਹਨ। ਉਹ ਬੱਚੇ ਕੋਈ ਅਮੀਰਜਾਦਿਆਂ ਦੇ ਨਹੀਂ ਹੁੰਦੇ। ਉਨ੍ਹਾਂ ਕੋਲ ਜੇ ਹੁੰਦਾ ਹੈ ਤਾਂ ਸਿਰਫ਼ ਹੁੰਦਾ ਹੈ ਹਲਾਤਾਂ ਦੇ ਨਾਲ ਲੜਨਾ, ਨਿੱਕੇ ਨਿੱਕੇ ਘਰਾਂ ਵਿਚ 10 ਤੋਂ 12 ਜੀਅ ਰਹਿੰਦੇ ਹਨ। ਇਕ ਦੋ ਨਿੱਕੇ ਨਿੱਕੇ ਕਮਰੇ ਇਕ ਵਾਸ਼ਰੂਮ ਤੇ ਛੋਟਾ ਮੋਟਾ ਨਿੱਕਾ ਜਿਹਾ ਵਿਹੜਾ, ਜਿਥੇ ਧੁੱਪ ਜਿਹੜੀ ਕਿ ਕਿਹਾ ਜਾਂਦਾ ਹੈ ਕਿ ਸਭ ਲਈ ਮੁਫ਼ਤ ਹੁੰਦੀ ਹੈ, ਕਦੇ ਕਦਾਈ ਹੀ ਆਪਣੀ ਚਮਕ ਖਿਲਾਰਦੀ ਹੈ। ਸਰਦੀਆਂ ਦੇ ਦਿਨਾਂ ਵਿਚ ਠੰਢੇ ਸਿੱਲੇ ਤੇ ਚੁੱਲ੍ਹਿਆਂ ਅਤੇ ਅੰਗੀਠੀਆਂ ਦੇ ਧੂਏ ਨਾਲ ਭਰੇ ਘਰ ਅਤੇ ਘਰਾਂ ਦੇ ਖਓਂ ਖਓਂ ਕਰਦੇ ਦਮੇ ਦੇ ਮਰੀਜ਼ ਬਜੁਰਗ। ਦੋ ਚਾਰ ਅਵਾਰਾ ਕੁੱਤੇ ਜੋ ਉਨ੍ਹਾਂ ਦੇ ਬੱਦੋਬਦੀ ਪਰਿਵਾਰਿਕ ਮੈਂਬਰ ਬਣ ਜਾਂਦੇ ਹਨ ਤੇ ਸਵੇਰੇ ਸ਼ਾਮ ਉਨ੍ਹਾਂ ਦੇ ਘਰ ਰੋਟੀ ਖਾਣ ਜਾਂਦੇ ਹਨ ਤੇ ਆਪਣੇ ਨਵੀ ਜੰਮੇ ਬੱਚਿਆਂ ਨੂੰ ਵੀ ਉਨ੍ਹਾਂ ਦੇ ਘਰਾਂ ਦਾ ਰਸਤਾ ਵਿਖਾਉਂਦੇ ਹਨ ਕਿ ਇਥੇ ਮਮਤਾ ਵੱਸਦੀ ਹੈ। ਜਦੋਂ ਵੀ ਲੋੜ ਪਵੇ ਇਥੋਂ ਰੋਟੀ ਜਰੂਰ ਮਿਲੇਗੀ ਅਤੇ ਇਹ ਬੱਚੇ ਆਪਣੀ ਰੋਟੀ ਨੂੰ ਬਚਾ ਕੇ ਰੱਖਦੇ ਹਨ ਤੇ ਸਮਾਂ ਪਾ ਕੇ ਆਪਣੀ ਰੋਟੀ ਆਪਣੇ ਇਨ੍ਹਾਂ ਸਾਥੀਆਂ ਨੂੰ ਖਵਾਉਂਦੇ ਹਨ। ਕਦੇ ਨਾ ਕਦੇ ਇਹ ਕਤੂਰਾ ਘਰਦਿਆਂ ਦੀਆਂ ਅੱਖਾਂ ਤੋਂ ਬਚਾ ਕੇ ਮਾਸੂਮ ਬੱਚੇ ਸਕੂਲ ਦੇ ਬਸਤੇ ਵਿਚ ਪਾ ਕੇ ਵੀ ਸਕੂਲ ਲੈ ਆਉਂਦੇ ਹਨ ਅਤੇ ਫਿਰ ਅਧਿਆਪਕ ਨੂੰ ਪਤਾ ਲੱਗਣ ਤੇ ਡਾਂਟ ਖਾਂਦੇ ਹਨ ਅਤੇ ਸਕੂਲੋਂ ਬਾਹਰ ਕਿਸੇ ਸੁਰੱਖਿਅਤ ਥਾਂ 'ਤੇ ਰੱਖ ਆਉਂਦੇ ਹਨ ਤਾਂ ਜੋ ਸਕੂਲ ਤੋਂ ਬਾਅਦ ਇਸ ਦਾ ਵਾਪਸ ਆਪਣੇ ਘਰ ਲਿਜਾ ਸਕਣ ਤੇ ਕੁੱਤੇ ਦੀ ਸੁਰੱਖਿਆ ਪ੍ਰਤੀਬੱਧਤਾ ਦਾ ਫਿਕਰ ਇਨ੍ਹਾਂ ਨੂੰ ਸਾਰਾ ਦਿਨ ਸਤਾਉਂਦਾ ਹੈ ਕਿ ਕਿਤੇ ਉਸ ਨੂੰ ਕੋਈ ਨੁਕਸਾਨ ਨਾ ਪਹੁੰਚ ਜਾਵੇ। ਮਨੁੱਖਤਾ ਪਿਆਰ ਇਨ੍ਹਾਂ ਅੰਦਰ ਕੁੱਟ ਕੁੱਟ ਕੇ ਭਰਿਆ ਹੁੰਦਾ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦਾ ਮਾਨਸਿਕ ਸਤਰ ਵੀ ਇੱਕੋ ਜਿਹਾ ਨਹੀਂ ਹੁੰਦਾ, ਕਿਉਂਕਿ ਇਨ੍ਹਾਂ ਦਾ ''ਜਨੇਟਿਕ ਫੈਕਟਰ'' ਵੀ ਇੱਕੋ ਜਿਹਾ ਨਹੀਂ ਹੁੰਦਾ। ਬੱਚੇ ਵੱਖ ਵੱਖ ਪ੍ਰਕਾਰ ਦੇ ਪਰਿਵਾਰ ਪਿਛੋਕੜ ਤੋਂ ਆਏ ਹੁੰਦੇ ਹਨ। ਕਿਸੇ ਬੱਚੇ ਦਾ ਮਾਨਸਿਕ ਪੱਧਰ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ, ਉਹ ਬੜੀ ਜਲਦੀ ਯਾਦ ਕਰਦੇ ਹਨ। ਪਰ ਕਈ ਬੱਚੇ ਬਹੁਤ ਜਲਦੀ ਯਾਦ ਨਹੀਂ ਕਰ ਪਾਉਂਦੇ, ਉਨ੍ਹਾਂ ਸਮਾਂ ਲੱਗਦਾ ਹੈ। ਸ਼ਰਾਰਤ ਜਾਂ ਹੋਰ ਗਤੀਵਿਧੀਆਂ ਵਿੱਚ ਉਹ ਬਹੁਤ ਅੱਗੇ ਹੁੰਦੇ ਹਨ। ਅਧਿਆਪਕ ਦੀ ਆਗਿਆ ਮੰਨਣਾ, ਆਪਣਾ ਫ਼ਰਜ਼ ਸਮਝਦੇ ਹਨ ਅਤੇ ਅਧਿਆਪਕ ਵੀ ਉਨ੍ਹਾਂ ਲਈ ਸਾਰਾ ਕੁਝ ਹੁੰਦਾ ਹੈ। ਸਰਕਾਰੀ ਅਧਿਆਪਕ ਦੀ ਕਲਾਸ ਵਿੱਚ ਪੰਜ ਤਾਂ ਦੇ ਬੱਚਿਆਂ ਦੇ ਗਰੁੱਪ ਬਣਦੇ ਹਨ। ਜਿਨ੍ਹਾਂ ਨੂੰ ਉਸ ਨੇ ਸੰਭਾਲਣਾ ਹੁੰਦਾ ਹੈ ਅਤੇ ਆਪਣੇ ਪਿਆਰ ਨਾਲ ਉਹ ਇਨ੍ਹਾਂ ਨੂੰ ਅੱਗੇ ਵਧਾਉਂਦਾ ਹੈ। ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਉੱਪਰ ਹੱਥ ਚੁੱਕਣਾ ਕਿਸੇ ਵੀ ਅਧਿਆਪਕ ਨੂੰ ਚੰਗਾ ਨਹੀਂ ਲੱਗਦਾ। ਕੋਈ ਵੀ ਅਧਿਆਪਕ ਇਹ ਨਹੀਂ ਚਾਹੁੰਦਾ ਕਿ ਬੱਚੇ ਸਕੂਲ ਆਉਣ ਤੋਂ ਡਰਨ, ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਉਨ੍ਹਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਜਦੋਂ ਉਹ ਇਨ੍ਹਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਤਾਂ ਇਨ੍ਹਾਂ ਦੀਆਂ ਕਲਪਨਾਵਾਂ ਸ਼ਕਤੀ ਕਲਾਸ ਰੂਮ ਦੀ ਖਿੜਕੀ ਵਿਚੋਂ ਦੀ ਨਿਕਲ ਕੇ, ਬਾਹਰ ਖੇਡ ਦੇ ਮੈਦਾਨ ਸੰਗੀਤ ਦੇ ਬਾਹਰ ਸ਼ਹਿਰ ਦੀ ਭੀੜ ਭਰੇ ਇਲਾਕਿਆਂ ਦੀ ਸੈਰ ਕਰਨ ਲਈ ਚਲੀ ਜਾਂਦੀ ਹੈ। ਜਿਸ ਨੂੰ ਫਿਰ ਅਧਿਆਪਕ ਆਪਣੀ ਚਿੰਤਨਤਾ ਦੁਆਰਾ ਮੋੜ ਕੇ ਲੈ ਆਉਂਦਾ ਹੈ। ਜਦੋਂ ਅਧਿਆਪਕ ਮਹਾਰਨੀ ਜਾਂ ਵਰਨਮਾਲਾ ਸਿਖਾਉਂਦਾ ਹੈ ਤਾਂ ਉਹ ਪੈਨਸਿਲ ਨਾਲ ਮੇਜ਼ ਉੱਪਰ ਸੰਗੀਤ ਦੀ ਪ੍ਰੈਕਟਿਸ ਵਿੱਚ ਲੱਗੇ ਹੁੰਦੇ ਹਨ, ਫਿਰ ਅਧਿਆਪਕ ਇਨ੍ਹਾਂ ਨੂੰ ਚੁੱਪ ਚਾਪ ਕਾਪੀ ਉੱਪਰ ਲਿਖਣ ਲਈ ਕਹਿੰਦਾ ਹੈ। ਕਾਪੀਆਂ ਇੰਨੀਆਂ ਆਉਣ ਵੀ ਤਾਂ ਕਿੱਥੋਂ ਆਉਣ, ਮਾਂ ਬਾਪ ਕੋਲ ਤਾਂ ਰੋਟੀ ਖਾਣ ਲਈ ਪੈਸੇ ਨਹੀਂ ਹੁੰਦੇ। ਹਰ ਰੋਜ਼ ਸਕੂਲੀ ਕੰਮਾਂ ਨਾਲ ਕਾਪੀਆਂ ਦਾ ਭਰ ਜਾਣਾ, ਮਾਂ ਬਾਪ ਕੋਲੋਂ ਕਾਪੀਆਂ, ਪੈਨਸਲਾਂ ਦੀ ਤੇ ਵੱਡੇ ਰਜਿਸਟਰਾਂ ਦੀ ਮੰਗ ਕਰਨੀ, ਵਾਰ ਵਾਰ ਮੰਗਣ ਤੇ ਮਾਂ ਬਾਪ ਤੋਂ ਮਾਰ ਖਾਣਾ ਨਾ ਲਿਆਉਣ ਤੇ ਅਧਿਆਪਕ ਤੋਂ ਡਾਂਟ ਖਾਣਾ। ਜਾਣ ਵੀ ਤਾਂ ਇਹ ਕਿੱਥੇ ਜਾ ਜਾਣ? ਜੇ ਕੰਮ ਕਰਨ ਦਾ ਦਿਲ ਵੀ ਕਰੇ ਤਾਂ ਇਸ ਉਮਰ ਵਿੱਚ ਕਾਪੀਆਂ, ਪੈਨ, ਪੈਨਸਿਲਾਂ ਦੀ ਘਾਟ ਸਿੱਖਣ ਦੇ ਚਾਅ ਅਧੂਰੇ ਕਰ ਜਾਂਦੀ ਹੈ। ਅਗਰ ਮਾਂ ਕਿਸੇ ਕੰਮ ਵਾਲਿਆਂ ਦੇ ਘਰੋਂ ਕਾਪੀਆਂ, ਪੈਨ, ਪੈਨਸਲਾਂ ਲਈ ਪੈਸੇ ਫੜ ਵੀ ਲਵੇ ਤਾਂ ਉਹ ਆਂਟੀਆਂ ਉਨ੍ਹਾਂ ਦੇ ਮਾਂ ਦੇ ਕੰਮ ਤੋਂ ਇਲਾਵਾ ਵੀ ਇਨ੍ਹਾਂ ਬੱਚਿਆਂ ਕੋਲ ਕੰਮ ਭਾਲਦੀਆਂ ਹਨ। ਆਪਣੇ ਘਰ ਦੇ ਗਰਮ ਮਖਮਲੀ ਬਿਸਤਰਿਆਂ ਵਿੱਚ ਬੈਠੀਆਂ ਮਾਹਰਾਣੀਆਂ ਬਣੀਆਂ, ਇਨ੍ਹਾਂ ਬੱਚਿਆਂ ਦੇ ਸਕੂਲੋਂ ਛੁੱਟੀ ਦਾ ਇੰਤਜ਼ਾਰ ਕਰਦੀਆਂ ਹਨ, ਕਿ ਕਦੋਂ ਇਹ ਸਕੂਲੋਂ ਆਉਣ, ਫਿਰ ਉਨ੍ਹਾਂ ਦੇ ਘਰ ਦੀ ਸਾਫ ਸਫਾਈ ਕਰਨ ਅਤੇ ਹਲਕੇ ਫੁਲਕੇ ਕੰਮਾਂ ਵਿੱਚ ਵੀ ਉਨ੍ਹਾਂ ਦੀ ਮਦਦ ਕਰਨ। ਜਦੋਂ ਅਧਿਆਪਕ ਦਾ ਦਿਲ ਕਰਦਾ ਇਹ ਫੁੱਲ, ਪੱਤੀਆਂ, ਬੱਦਲਾਂ, ਤਿੱਤਲੀਆਂ, ਪਹਾੜਾਂ ਦੇ ਚਿੱਤਰ ਬਣਾਉਣ ਤਾਂ ਨਾ ਕਾਗਜ਼ ਹੁੰਦਾ ਹੈ ਅਤੇ ਨਾ ਰੰਗ। ਖੈਰ ਰੰਗ ਤਾਂ ਇਨ੍ਹਾਂ ਦੀ ਜ਼ਿੰਦਗੀ ਵਿੱਚ ਕਿਤੇ ਵੀ ਨਹੀਂ ਹੁੰਦੇ। ਇਨ੍ਹਾਂ ਦੇ ਸਿਲੇਬਸ ਵਿੱਚ ਪੜ੍ਹਾਈਆਂ ਜਾਣ ਵਾਲੀਆਂ ਕਵਿਤਾਵਾਂ ਦੀ ਅਸਲੀਅਤ ਤੋਂ ਕੋਹਾਂ ਦੂਰ ਹਨ। ਤੇਲ ਖੁਣੋਂ ਮਹੀਨਿਆਂ ਬੱਧੀ ਸੁੱਕੇ ਵਾਲ, ਖੁਸ਼ਕ ਚਮੜੀ, ਹੱਥਾਂ ਉੱਪਰ ਕੰਮ ਨਾਲ ਪਏ ਅੱਟਣ, ਸੀਤ ਲਹਿਰ ਦੇ ਨਾਲ ਫਟੀਆਂ ਗੱਲ੍ਹਾਂ ਅਤੇ ਠੰਡ ਨਾਲ ਕੰਬਦੇ ਨੀਲੇ ਬੁੱਲ, ਉਲਝੇ ਵਾਲ, ਉਸ ਕਿਤਾਬ ਉੱਪਰਲੇ ਬੱਚੇ ਦੇ ਨਾਲ ਰਲਦੀ ਮਿਲਦੀ ਸੂਰਤ ਦਾ ਕਿਧਰੇ ਭੁਲੇਖਾ ਵੀ ਨਹੀਂ ਪੈਂਦਾ, ਨਾਲ ਮਿਲਣਾ ਤਾਂ ਦੂਰ ਦੀ ਗੱਲ ਹੈ। ਧੋ ਧੋ ਕੇ ਰੰਗ ਨਿਕਲ ਚੁੱਕੇ ਕੱਪੜਿਆਂ ਦੇ ਬਟਨ ਵੀ ਟੁੱਟੇ ਹੁੰਦੇ ਹਨ। ਬਹੁਤ ਵਾਰ ਡਾਕਟਰੀ ਸਹੂਲਤਾਂ ਖੁਣੋਂ ਵਾਂਝੇ ਇਹ ਬੱਚੇ ਖੂਨ ਦੀ ਘਾਟ ਦੀ ਬੀਮਾਰੀ ਨਾਲ ਜੂਝਦੇ ਹਨ। ਇਨ੍ਹਾਂ ਦੀਆਂ ਅੱਖਾਂ ਵਿੱਚ ਹਮੇਸ਼ਾ ਹੀ ਪੀਲਾਪਣ ਦਿਖਾਈ ਦਿੰਦਾ ਹੈ। ਕਈ ਵਾਰ ਇਹ ਖੇਤ ਵਿੱਚ ਮਾਪਿਆਂ ਦੇ ਨਾਲ ਕੰਮ ਕਰਦੇ ਸਮੇਂ ਅੱਖਾਂ ਚਿਹਰੇ ਜਾਂ ਕਿਸੇ ਵੀ ਸਰੀਰਕ ਭਾਗ ਉੱਪਰ ਚੋਟ ਵੀ ਲਗਵਾ ਲੈਂਦੇ ਹਨ। ਮਾਪਿਆਂ ਦੀ ਆਰਥਿਕ ਤੰਗੀ ਜਾਂ ਹਾਲਾਤਾਂ ਦੀ ਅਨੁਕੂਲ ਨਾ ਹੋਣ ਕਰਕੇ ਜਾਂ ਸਾਧਨ ਦੀ ਘਾਟ ਕਰਕੇ ਇਹ ਬੱਚੇ ਸਮੇਂ ਸਿਰ ਡਾਕਟਰੀ ਸਹੂਲਤ ਲਈ ਨਹੀਂ ਪਹੁੰਚ ਸਕਦੇ ਤੇ ਆਪਣੇ ਅੰਗ ਗੁਆ ਲੈਂਦੇ ਹਨ। ਜ਼ਿਆਦਾਤਰ ਦਿਮਾਗੀ ਬੁਖਾਰ ਦਾ ਸ਼ਿਕਾਰ ਵੀ ਹੁੰਦੇ ਹਨ, ਇਹ ਬੱਚੇ। ਦਿਲ ਵਿੱਚ ਛੇਕ, ਧੜਕਣ ਦਾ ਵਧਣਾ, ਅੱਖਾਂ ਵਿੱਚ ਪਾਣੀ ਵਗਣਾ, ਟੀ ਬੀ ਦੀ ਬਿਮਾਰੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਪੈਰਾਂ ਵਿੱਚ ਵੀ ਸੜਨ ਹੁੰਦੀ ਹੈ, ਇਨ੍ਹਾਂ ਦੇ ਹੱਥਾਂ ਦੀਆਂ ਤਲੀਆਂ ਉੱਪਰ ਵੀ ਮਾਸ ਉਤਰਦਾ ਹੈ। ਖੇਡਦੇ ਵਕਤ ਚੋਟ ਲੱਗਣ ਤੇ ਬਹੁਤ ਸਾਰਾ ਖੂਨ ਵਗਣਾ ਆਮ ਗੱਲ ਹੈ। ਪਰ ਫਿਰ ਵੀ ਦਰਿਆਦਿਲੀ ਵੇਖੋ, ਇਨ੍ਹਾਂ ਦੀ, ਆਪਣੀ ਚੋਟ ਦੀ ਪ੍ਰਵਾਹ ਨਾ ਕਰਦੇ ਹੋਏ। ਫਿਰ ਵੀ ਆਪਣੇ ਸਾਥੀਆਂ ਲਈ ਫਰਾਕ ਦਿਲੀ ਵਿਖਾਉਂਦੇ ਹਨ ਤੇ ਆਪਣੇ ਅਧਿਆਪਕ ਦਾ ਖਿਆਲ ਰੱਖਦੇ ਹਨ ਕਿ ਕਿਤੇ ਮੇਰੇ ਕਰਕੇ ਮੇਰਾ ਅਧਿਆਪਕਾਂ ਜਾਂ ਫਿਰ ਕਿਸੇ ਸਾਥੀ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਅਧਿਆਪਕ ਵੀ ਸਭ ਕੁਝ ਸਮਝਦੇ ਹਨ ਅਤੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੇ ਹਾਲਾਤਾਂ ਨੂੰ ਨਾਲ ਲੈ ਕੇ ਚੱਲਦੇ ਹਨ ਅਤੇ ਸਥਿਤੀਆਂ ਨਾਲ ਨਿਪਟਣ ਦਾ ਫੈਸਲਾ ਕਰਦੇ ਹਨ। ਮਾਂ ਬਾਪ ਦੇ ਕੰਮ 'ਤੇ ਜਾਣ ਕਰਕੇ ਕਈ ਵਾਰ ਕੰਮ ਨਾ ਕਰਨ ਕਰਕੇ ਅਧਿਆਪਕ ਦੀ ਡਾਂਟ ਵੀ ਬੱਚੇ ਖਾਂਦੇ ਹਨ। ਵਾਰ ਵਾਰ ਵਜ਼ੀਫ਼ੇ ਅਪਲਾਈ ਕਰਨ ਲਈ ਆਮਦਨ ਸਰਟੀਫਿਕੇਟ ਨਾ ਹੋਣ ਕਰਨ ਕਰਕੇ, ਆਧਾਰ ਕਾਰਡ ਨਾ ਹੋਣ ਕਾਰਨ ਕਰਕੇ, ਬਹੁਤ ਕੁਝ ਬਰਦਾਸ਼ਤ ਕਰਦੇ ਹਨ ਇਹ ਬੱਚੇ। ਆਪ ਇਹ ਸਾਰਾ ਕੁੱਝ ਬਣਵਾ ਨਹੀਂ ਸਕਦੇ, ਕਿਉਂਕਿ ਇਹ ਛੋਟੇ ਹੁੰਦੇ ਹਨ। ਸੁਵਿਧਾ ਕੇਂਦਰਾਂ ਦੀਆਂ ਲੰਮੀਆਂ ਕਤਾਰਾਂ ਸਮਰੱਥ ਅਧਿਕਾਰੀਆਂ ਦੀ ਪਹੁੰਚ ਤੋਂ ਦੂਰ ਹੋਣਾ, ਮਾਂ ਬਾਪ ਦਾ ਕੰਮ ਛੱਡ ਕੇ ਲਾਈਨਾਂ ਵਿੱਚ ਖੜ੍ਹਨਾ, ਫਿਰ ਵੀ ਕੰਮ ਦਾ ਨਾ ਹੋਣਾ, ਜੋ ਕਮਾਉਣਾ ਉਹੀ ਖਾਣਾ ਅਤੇ ਜਿਸ ਦਿਨ ਦਿਹਾੜੀ ਤੇ ਨਾ ਗਏ ਤਾਂ ਉਸ ਦਿਨ ਘਰ ਦਾ ਚੁੱਲ੍ਹਾ ਵੀ ਨਹੀਂ ਚੱਲੇਗਾ ਅਤੇ ਇਹ ਮਾਸੂਮਾਂ ਲਈ ਰੋਟੀ ਦਾ ਪ੍ਰਬੰਧ ਕਿੱਥੋਂ ਹੋਵੇਗਾ ਜਾਂ ਆਧਾਰ ਕਾਰਡ, ਆਮਦਨ ਸਾਰਟੀਫਿਕੇਟ ਜਾਂ ਇਨ੍ਹਾਂ ਮਾਸੂਮਾਂ ਦੇ ਮੂੰਹ ਵਿੱਚ ਰੋਟੀ ਅਤੇ ਬਿਮਾਰ ਬਜ਼ੁਰਗਾਂ ਦੀ ਦਵਾਈ। ਸਰਟੀਫਿਕੇਟ ਨਾ ਮਿਲਣ ਕਰਕੇ ਸਰਕਾਰੀ ਮਾਸਟਰ-ਮਾਸਟਰਨੀਆਂ ਦਾ ਵਜ਼ੀਫਾ ਫਾਰਮ ਨਾ ਭਰ ਸਕਣ ਦੇ ਡਰੋਂ ਸਰਕਾਰੇ ਦਰਬਾਰੇ ਪੁੱਛ ਗਿੱਛ ਤੇ, ਉਨ੍ਹਾਂ ਦੇ ਬੱਚਿਆਂ ਨੂੰ ਡਾਂਟ ਪਟਕ ਕਰਨਾ ਅਤੇ ਬੱਚਿਆਂ ਦਾ ਮਾਂ ਬਾਪ ਨੂੰ ਵਾਰ ਵਾਰ ਕਹਿਣਾ, ਮਾਂ ਬਾਪ ਤੋਂ ਝਿੜਕਾਂ, ਮਾਰ ਕਟਾਈ ਖਾ ਕੇ ਕਿੱਧਰ ਜਾਣ ਇਹ ਮਾਸੂਮ...ਕਿਹੜੇ ਖੂਹ ਟੋਬੇ ਪੈਣ। ਜਨਮ ਪੱਤਰੀ, ਆਧਾਰ ਕਾਰਡ, ਬੈਂਕ ਅਕਾਊਂਟ, ਰਾਸ਼ਨ ਕਾਰਡ, ਆਮਦਨ ਸਾਰਟੀਫਿਕੇਟ, ਜਾਤੀ ਸਰਟੀਫਿਕੇਟ ਮਤਲਬ ਥੱਬਾ ਡਾਕੂਮੈਂਟ ਦਾ। ਫਿਰ ਕਿਸੇ ਘੱਟ ਪੜ੍ਹੇ ਲਿਖੇ ਅਧਿਕਾਰੀ ਕਰਮਚਾਰੀ ਵੱਲੋਂ ਗਲਤ ਵੇਰਵੇ ਚੜ੍ਹਾ ਦੇਣਾ ਅਨਪੜ੍ਹ ਮਾਪਿਆਂ ਵੱਲੋਂ ਮਾਤਾ ਪਿਤਾ ਦਾ ਘਰੇਲੂ ਨਾਂ ਦਰਜ ਕਰਵਾਉਣਾ, ਜੋ ਜਨਮ ਪੱਤਰੀ, ਆਧਾਰ ਕਾਰਡ, ਵੋਟਰ ਕਾਰਡ ਤੇ ਵੱਖ ਵੱਖ ਆ ਜਾਣ, ਫਿਰ ਇਨ੍ਹਾਂ ਮਾਸੂਮਾਂ ਦੀ ਕੁੱਟ ਕੁੱਟ ਕੇ ਛਿੱਲ ਲਾਉਣੀ, ਭਲਾ ਦੱਸੋ ਇਨ੍ਹਾਂ ਦਾ ਕੀ ਕਸੂਰ? ਇਹ ਮਾਸੂਮ ਇੰਨੇਂ ਜੋਗੇ ਭਲਾ ਕਿੱਥੋਂ? ਜਾਤੀ ਸਰਟੀਫਿਕੇਟ ਲਈ ਵਾਰ ਵਾਰ ਕਚਹਿਰੀ ਦੇ ਗੇੜੇ, ਆਧਾਰ ਕਾਰਡ ਲਈ ਸੁਵਿਧਾ ਕੇਂਦਰ ਦੇ ਗੇੜੇ, ਰਾਸ਼ਨ ਕਾਰਡ, ਬੈਂਕ ਅਕਾਉਂਟ ਲਈ ਬੈਂਕਾਂ ਦੇ ਗੇੜੇ, ਫੇਰ ਪਤਾ ਨਹੀਂ...ਹੱਦ ਕੀ ਹੈ, ਕਦੋਂ ਤੱਕ ਬਨਣਗੇ? ਪਾਗਲ ਕਰਕੇ ਰੱਖ ਦਿੰਦੇ ਹਨ ਇਨ੍ਹਾਂ ਦੀ ਆਵਾਜ਼ ਮਾਸੂਮਾਂ ਨੂੰ। ਕਿਸ ਕੋਲ ਜਾਣ ਮਾਪਿਆਂ ਦਾ ਡਰ, ਅਧਿਆਪਕਾਂ ਦਾ ਡਰ, ਇਨ੍ਹਾਂ ਦਾ ਆਪਣਾ ਕੌਣ ਹੈ, ਡਰਦੇ ਮਾਰੇ ਸਕੂਲ ਆਉਣੋਂ ਵੀ ਘਬਰਾਉਂਦੇ ਲੱਗ ਜਾਂਦੇ ਹਨ। ਚੰਗੇ ਪੜ੍ਹਨ ਲਿਖਣ ਵਾਲੇ ਬੱਚੇ ਵੀ ਸਕੂਲ ਆਉਣੋਂ ਹਟ ਜਾਂਦੇ ਹਨ, ਕਈ ਵਾਰ ਤਾਂ ਇਸ ਤੋਂ ਵੀ ਦਰਦਨਾਕ ਸਥਿਤੀ ਵਿਚੋਂ ਵੀ ਨਿਕਲਣਾ ਪੈਂਦਾ ਹੈ ਜੇਕਰ ਆਧਾਰ ਕਾਰਡ ਮੰਗਵਾਓ ਬੱਚੇ ਪੁੱਛਦੇ ਹਨ ਕਿ ਮੇਰੇ ਪਾਪਾ ਦੀ ਤਾਂ ਮੌਤ ਹੋ ਚੁੱਕੀ ਹੈ ਜੀ, ਮੰਮੀ ਦਾ ਆਧਾਰ ਕਾਰਡ ਚੱਲ ਜਾਵੇਗਾ ਜੀ। ਪਰ ਅੱਜ ਕੱਲ੍ਹ ਮਾਤਾ ਪਿਤਾ ਦੋਨਾਂ ਦਾ ਆਧਾਰ ਕਾਰਡ ਜ਼ਰੂਰੀ ਹੋ ਗਿਆ ਹੈ। ਬੱਚਾ ਕਈ ਕਈ ਦਿਨ ਰੋਣੋਂ ਚੁੱਪ ਹੀ ਨਹੀਂ ਹੁੰਦਾ, ਹੁਣ ਪਿਤਾ ਦੀ ਮੌਤ ਦੇ ਸਦਮੇ ਵਿੱਚੋਂ ਬੱਚੇ ਨੂੰ ਮਸਾਂ ਤਾਂ ਬਾਹਰ ਕੱਢਿਆ ਹੁੰਦਾ ਹੈ, ਬੱਚੇ ਦਾ ਫਿਰ ਉਹੀ ਹਾਲ, ਫਿਰ ਉਸ ਦੀ ਮਾਂ, ਬੱਚੇ ਦੇ ਬਾਪ ਦੀ ਮੌਤ ਦਾ ਸਰਟੀਫਿਕੇਟ ਲਿਆਉਣ ਲਈ, ਜਿਹੜਾ ਉਸ ਦੇ ਆਪਣੇ ਦਰਦ ਅਤੇ ਆਪਣੇ ਬੱਚਿਆਂ ਤੋਂ ਲੁਕਾ ਕੇ ਰੱਖਿਆ ਹੁੰਦਾ ਹੈ, ਤਾਂ ਜੋ ਮਾਸੂਮ ਵਾਰ ਵਾਰ ਉਸ ਨੂੰ ਦੇਖ ਕੇ ਪਿਤਾ ਬਾਰੇ ਸਵਾਲ ਨਾ ਕਰਨ। ਜੀਹਦੇ ਬਾਰੇ ਬੱਚਿਆਂ ਨੂੰ ਦੱਸਿਆ ਹੁੰਦਾ ਹੈ ਕਿ ਉਸ ਦੇ ਪਿਤਾ ਕਿਸੇ ਰਿਸ਼ਤੇਦਾਰੀ ਵਿੱਚ ਗਏ ਹੋਏ ਹਨ ਤੇ ਬਸ ਜਲਦੀ ਵਾਪਸ ਆ ਜਾਣਗੇ, ਨੂੰ ਦਿੱਲ ਉਪਰ ਪੱਥਰ ਰੱਖ ਕੇ ਆਪਣੇ ਬੱਚਿਆਂ ਦੇ ਸਕੂਲ ਲੈ ਕੇ ਆਉਣਾ ਪੈਂਦਾ ਹੈ। ਬੱਸ ਉਸ ਸਮੇਂ ਤਾਂ ਹੱਦ ਹੀ ਹੋ ਜਾਂਦੀ ਹੈ ਕਿ ਜਦੋਂ ਅਧਿਆਪਕ ਕਹਿੰਦਾ ਹੈ ਫਾਦਰ ਲੈੱਸ ਬੱਚੇ ਕਿਹੜੇ ਹਨ? ਕੀ ਫਾਇਦਾ ਅਜਿਹੀਆਂ ਸਹੂਲਤਾਂ ਦੇਣ ਦਾ ਵੀ, ਜਿਹੜੀਆਂ ਇਨ੍ਹਾਂ ਮਾਸੂਮਾਂ ਦੇ ਹਿਰਦੇ ਵਾਰ ਵਾਰ ਤਾਰ ਤਾਰ ਕਰਦੀਆਂ ਹਨ। ਉਨ੍ਹਾਂ ਦਾ ਬਾਪ ਇੱਕ ਦਿਨ ਨਹੀਂ ਮਰਿਆ ਹੁੰਦਾ, ਸਗੋਂ ਉਨ੍ਹਾਂ ਲਈ ਹਰ ਰੋਜ਼ ਮਰਦਾ ਹੈ। ਜਦੋਂ ਉਸ ਦੀਆਂ ਲਿਸਟਾਂ ਬਣਦੀਆਂ ਹਨ ਤਾਂ, ਵਾਰ ਵਾਰ ਡਾਕੂਮੈਂਟ ਲੱਗਦੇ ਹਨ। ਕਈਆਂ ਦੀਆਂ ਮਾਵਾਂ ਮਾਰੀਆਂ ਹੁੰਦੀਆਂ ਹਨ, ਉਨ੍ਹਾਂ ਦੀ ਕੋਈ ਸ਼ਰਤ ਨਹੀਂ, ਉਨ੍ਹਾਂ ਦਾ ਸਰਟੀਫਿਕੇਟ ਨਹੀਂ ਚਾਹੀਦਾ ਜਾਂ ਉਨ੍ਹਾਂ ਦੀਆਂ ਅਹਿਮੀਅਤ ਹੀ ਕੋਈ ਨਹੀਂ। ਫਿਰ ਵਜ਼ੀਫ਼ਾ ਅਪਲਾਈ ਕਰਨ ਵੇਲੇ ਮਰੀ ਦਾ ਸਰਟੀਫਿਕੇਟ ਕਿੱਥੋਂ ਆਵੇ, ਸਰਟੀਫਿਕੇਟ ਤਾਂ ਪਹਿਲਾਂ ਹੀ ਦੇ ਚੁੱਕੇ ਹਨ, ਉਨ੍ਹਾਂ ਟਾਈਮ ਬੱਚੇ ਨੂੰ ਥੋੜ੍ਹਾ ਪਤਾ ਸੀ ਕਿ ਉਨ੍ਹਾਂ ਦੇ ਮਾਂ ਬਾਪ ਨੇ ਮਰ ਜਾਣਾ ਹੈ।ਸਰਕਾਰੀ ਸਕੂਲਾਂ ਵਿੱਚ ਪਏ ਸਰਕਾਰੀ ਰਿਕਾਰਡ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ, ਹਰ ਇੱਕ ਚੀਜ਼ ਦਾ ਆਧਾਰ ਉਸ ਸਰਕਾਰੀ ਰਿਕਾਰਡ ਬਣਦਾ ਹੈ। ਬੱਚੇ ਤੋਂ ਲੈ ਕੇ ਬੁੱਢੇ ਆਦਮੀ ਤੱਕ ਜੋ ਸਕੂਲੀ ਸਿੱਖਿਆ ਪ੍ਰਾਪਤ ਕਰਦੇ ਹਨ, ਇਹ ਰਿਕਾਰਡ ਸਕੂਲ ਵਿੱਚ ਰੱਖੇ ਦਾਖਲਾ ਖਾਰਜ ਰਜਿਸਟਰ ਵਿੱਚ ਦਾਖ਼ਲਾ ਨੰਬਰ ਅਧੀਨ ਰਜਿਸਟਰਡ ਹੁੰਦਾ ਹੈ। ਉਸ ਨੰਬਰ ਦੇ ਆਧਾਰ ਤੇ ਚਾਹੇ ਕਿੰਨੀ ਵੀ ਪੁਰਾਣੀ ਜਾਣਕਾਰੀ ਕਿਉਂ ਨਾ ਹੋਵੇ, ਸਬੰਧਿਤ ਵਿਅਕਤੀ ਨੂੰ ਹੋ ਪ੍ਰਾਪਤ ਜਾਂਦੀ ਹੈ, ਜਿਹੜੀ ਕਿ ਸਹੀ ਅੰਕੜਿਆਂ ਦਾ ਸਬੂਤ ਹੁੰਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਣ ਵਾਲੇ ਵਿਦਿਆਰਥੀਆਂ ਨੂੰ ਸਹੂਲਤਾਂ ਦੇਣ ਵੇਲੇ, ਦਾਖਲਾ ਨੰਬਰ ਨੂੰ ਹੀ ਬੇਸ ਬਣਾ ਲਵੇ ਅਤੇ ਸਾਰੇ ਡਾਕੂਮੈਂਟ ਉੱਥੇ ਹੀ ਹੋਣ। ਡਾਕੂਮੈਂਟ ਨਾ ਹੋਣ ਤੇ ਜਾਂ ਬਣਨ ਵਿੱਚ ਦੇਰੀ ਲਈ ਕਿਸੇ ਨੂੰ ਸਜ਼ਾ ਨਾ ਮਿਲੇ। ਮਾਪਿਆਂ ਦਾ ਟਾਈਮ ਵੀ ਖਰਾਬ ਨਾ ਹੋਵੇ, ਦਾਖਲਾ ਨੰਬਰ ਅਧੀਨ ਹੀ ਸਾਰੀਆਂ ਸਹੂਲਤਾਂ ਪ੍ਰਾਪਤ ਹੋਣ, ਕਿਉਂਕਿ ਦਾਖਲਾ ਫਾਰਮ ਦੇ ਅਧੀਨ ਬੱਚੇ ਦਾ ਨਾਂਅ, ਪਿਤਾ ਦਾ ਨਾਂਅ, ਮਾਤਾ ਦਾ ਨਾਂਅ, ਜਾਤ, ਜਮਾਤ, ਜਨਮ ਮਿਤੀ, ਡਾਕੁਮੈਂਟ ਸਭ ਕਾਲਮ ਬਣੇ ਹੋਏ ਹੁੰਦੇ ਹਨ ਅਤੇ ਹਾਰਡ ਕਾਪੀ ਸਕੂਲ ਰਿਕਾਰਡ ਵਿੱਚ ਹੁੰਦੀ ਹੈ। ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਮਾਸੂਮ ਬੱਚਿਆਂ ਦੇ ਮਾਪਿਆਂ, ਇਨ੍ਹਾਂ ਦੇ ਅਧਿਆਪਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਸਰਕਾਰ ਵੱਲੋਂ ਪ੍ਰਾਪਤ ਸਹੂਲਤਾਂ ਲਈ ਵੀ ਮੁਸ਼ਕਲਾਂ ਵਿੱਚੋਂ ਨਹੀਂ ਨਿਕਲਣਾ ਪਵੇਗਾ। ਇਹ ਸਹੂਲਤਾਂ ਵੀ ਟਾਈਮ ਸਿਰ ਅਤੇ ਬਿਨਾਂ ਕਿਸੇ ਦੇਰੀ ਇਨ੍ਹਾਂ ਬੱਚਿਆਂ ਤੱਕ ਪਹੁੰਚ ਜਾਇਆ ਕਰਨਗੀਆਂ।


ਪਰਮਜੀਤ ਕੌਰ ਸਿੱਧੂ