ਜਦੋਂ ਤੋਂ ਦੇਸ਼ ਦੇ ਅੰਦਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਆਈ ਹੈ, ਉਦੋਂ ਤੋਂ ਲੈ ਕੇ ਹੀ ਦੇਸ਼ ਦੀ ਆਰਥਿਕ ਸਥਿਤੀ ਕੰਮਜੋਰ ਹੁੰਦੀ ਜਾ ਰਹੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਨੇ ਜੋ ਵਾਅਦੇ ਜਨਤਾ ਦੇ ਨਾਲ ਸੱਤਾ ਵਿਚ ਆਉਣ ਤੋਂ ਪਹਿਲੋਂ ਚੋਣਾਂ ਸਮੇਂ ਕੀਤੇ ਸਨ, ਉਹ ਵਾਅਦੇ ਹੁਣ ਵੀ ਅਧੂਰੇ ਪਏ ਹਨ ਅਤੇ ਉਨ੍ਹਾਂ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਹੋ ਸਕਿਆ। ਇਥੇ ਦੱਸ ਦਈਏ ਕਿ ਦੇਸ਼ ਨੂੰ ਕਥਿਤ ਤੌਰ 'ਤੇ ਵੰਡਣ ਦੀ ਗੱਲ ਵੀ ਕੇਂਦਰ ਦੀ ਮੋਦੀ ਸਰਕਾਰ ਦੇ ਵਲੋਂ ਹੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਵੋਟਾਂ ਦੀ ਸਿਆਸਤ ਕਰਕੇ, ਮੋਦੀ ਦੇ ਵਲੋਂ ਹਮੇਸ਼ਾਂ ਹੀ ਲੋਕ ਮੁੱਦਿਆਂ ਨੂੰ ਖ਼ਤਮ ਕੀਤਾ ਜਾਂਦਾ ਹੈ ਅਤੇ ਲੱਗਦੈ, ਅੱਗੇ ਵੀ ਇਸੇ ਤਰ੍ਹਾ ਹੀ ਖ਼ਤਮ ਕੀਤਾ ਜਾਂਦਾ ਰਹੇਗਾ। ਇਥੇ ਇਹ ਵੀ ਦੱਸ ਦਈਏ ਕਿ ਪੰਜਾਬ ਦੇ ਲੋਕਾਂ ਦੇ ਨਾਲ ਵੀ ਕਥਿਤ ਤੌਰ 'ਤੇ ਮੋਦੀ ਸਰਕਾਰ ਨੇ ਹਰ ਵਾਰ ਧੋਖਾ ਕੀਤਾ ਹੈ। ਪੰਜਾਬ ਦੇ ਨਾਲ ਹਮੇਸ਼ਾਂ ਹੀ ਕੇਂਦਰ ਵਿਚ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਹਰ ਸਰਕਾਰ ਨੇ ਹੀ ਪੰਜਾਬ ਦੇ ਨਾਲ ਦਗਾ ਕਮਾਇਆ ਹੈ। ਦੱਸ ਦਈਏ ਕਿ ਮੋਦੀ ਸਰਕਾਰ ਦੇ ਵਲੋਂ ਪਹਿਲੋਂ ਦੇਸ਼ ਦੇ ਅੰਦਰ ਨੋਟਬੰਦੀ, ਫਿਰ ਜੀਐਸਟੀ ਲਗਾ ਕੇ ਦੇਸ਼ ਦੇ ਹੋਰਨਾਂ ਮੁੱਦਿਆਂ ਨੂੰ ਖ਼ਤਮ ਕੀਤਾ ਗਿਆ ਅਤੇ ਹੁਣ ਦੁਬਾਰਾ ਜਦੋਂ ਕੇਂਦਰ ਦੇ ਵਿਚ ਮੋਦੀ ਸਰਕਾਰ ਆਈ ਤਾਂ, ਸਰਕਾਰ ਨੇ ਸਭ ਤੋਂ ਪਹਿਲੋਂ ਜੰਮੂ ਕਸ਼ਮੀਰ ਧਾਰਾ 370 ਤੋੜੀ, ਫਿਰ ਰਾਮ ਮੰਦਰ ਦਾ ਮੁੱਦਾ ਮੁਕਾਇਆ ਅਤੇ ਹੁਣ ਨਾਗਰਿਕਤਾ ਬਿੱਲ ਸੋਧ ਕਰਕੇ, ਜੋ ਮੁਸਲਮਾਨ ਭਾਈਚਾਰੇ 'ਤੇ ਮੌਜੂਦਾ ਮੋਦੀ ਹਕੂਮਤ ਨੇ ਕਹਿਰ ਢਾਹਿਆ ਹੈ, ਉਸ ਦਾ ਆਉਣ ਵਾਲੇ ਸਮੇਂ ਵਿੱਚ ਹੀ ਮੋਦੀ ਸਰਕਾਰ ਨੂੰ ਨਤੀਜਾ ਭੁਗਤਣਾ ਪੈ ਸਕਦਾ ਹੈ। ਕਿਉਂਕਿ ਮੁਸਲਮਾਨ ਭਾਈਚਾਰੇ ਦੇ ਨਾਲ ਸਿੱਖ ਭਾਈਚਾਰਾ, ਕਾਮਰੇਡ ਸਾਥੀ ਅਤੇ ਤਰਕਸ਼ੀਲ ਲੋਕ ਜੁੜ ਚੁੱਕੇ ਹਨ। ਕਾਮਰੇਡ ਅਵਤਾਰ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਨਾ ਚਾਹੀਦਾ ਹੈ, ਕਿਉਂਕਿ ਜਿਸ ਤਰੀਕੇ ਨਾਲ ਹੀ ਹਿੰਦੂਤਵ ਸਾਡੇ ਦੇਸ਼ ਦੇ ਅੰਦਰ ਵੱਧ ਰਿਹਾ ਹੈ। ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਮੋਦੀ ਹਕੂਮਤ ਆਰਐੱਸਐੱਸ ਦੇ ਇਸ਼ਾਰੇ 'ਤੇ ਹਿੰਦੂ ਰਾਸ਼ਟਰ ਬਣਾਉਣ ਦੀ ਤਾਕ ਵਿੱਚ ਲੱਗੀ ਹੋਈ ਹੈ। ਸਾਨੂੰ ਸਮੂਹ ਪੰਜਾਬੀਆਂ ਨੂੰ ਨਾਗਰਿਕਤਾ ਸੋਧ ਬਿੱਲ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਅਸੀਂ ਸੁੱਤੇ ਰਹੇ ਤਾਂ ਹਕੂਮਤ ਦੇ ਵੱਲੋਂ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ, ਜੋ ਸਾਡੇ ਲਈ ਬੇਹੱਦ ਖ਼ਤਰਨਾਕ ਸਾਬਤ ਹੋਵੇਗੀ। ਮੋਦੀ ਹਕੂਮਤ ਵੱਲੋਂ ਅੱਜ ਮੁਸਲਮਾਨ ਭਾਈਚਾਰੇ ਦੇ ਨਾਲ, ਜੋ ਕੁਝ ਕੀਤਾ ਗਿਆ ਹੈ, ਆਉਣ ਵਾਲੇ ਇਹ ਵੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਕਿ ਜਿਹੜੇ ਗੈਰ ਹਿੰਦੂ ਵੰਡ ਸਮੇਂ ਪਾਕਿਸਤਾਨ ਨੂੰ ਆਏ ਸੀ। ਉਹ ਪਾਕਿਸਤਾਨ ਨੂੰ ਵਾਪਸ ਮੁੜ ਜਾਓ। ਕਾਮਰੇਡ ਨੇ ਸਮੂਹ ਪੰਜਾਬ ਵਾਸੀਆਂ ਨੂੰ ਕਿਹਾ ਕਿ ਸਾਨੂੰ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਜੇਕਰ ਅਸੀਂ ਇਸ ਦਾ ਵਿਰੋਧ ਨਹੀਂ ਕਰਦੇ ਤਾਂ ਅਸੀਂ ਵੀ ਪਹਿਲਾਂ ਵਾਂਗੂੰ ਹੀ ਫਿਰ ਕਾਲੇ ਅੰਗਰੇਜ਼ਾਂ ਦੇ ਗੁਲਾਮ ਹੋ ਕੇ ਰਹਿ ਜਾਵਾਂਗੇ। ਉਨ੍ਹਾਂ ਕਿਹਾ ਕਿ ਧਰਮ ਨਿਰਪੱਖ ਦੇਸ਼ ਦੇ ਅੰਦਰ ਸਭਨਾ ਨੂੰ ਰਹਿਣ ਦਾ ਪੂਰਨ ਤੌਰ 'ਤੇ ਅਧਿਕਾਰ ਹੈ। ਇਸ ਲਈ ਆਓ ਸਾਰੇ ਰਲ ਮਿਲ ਕੇ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ਼ ਸੰਘਰਸ਼ ਵਿੱਢੀਏ।