'ਇੱਕ ਦੇਸ਼-ਇੱਕ ਸੰਵਿਧਾਨ' ਦੇ ਨਾਅਰੇ ਹੇਠ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਵੱਲੋਂ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਤਾਂ ਬੰਦੂਕ ਦੀ ਨੋਕ 'ਤੇ ਹਟਾ ਦਿੱਤੀ ਗਈ। ਪਰ.!! ਕਦੇ ਵੀ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਜੰਮੂ ਕਸ਼ਮੀਰ ਦੇ ਵਸਨੀਕਾਂ ਦੀ ਗੱਲ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਭਾਵੇਂ ਹੀ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦਾ ਫ਼ਰਮਾਨ ਮੋਦੀ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਸੁਣਾਇਆ ਗਿਆ ਸੀ, ਪਰ ਕਦੇ ਵੀ ਮੋਦੀ ਸ਼ਾਹ ਦੇ ਵੱਲੋਂ ਕਸ਼ਮੀਰੀਆਂ ਦੀਆਂ ਮੁਸ਼ਕਲਾਂ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਭਾਵੇਂ ਹੀ ਇਸ ਵੇਲੇ ਸਮੂਹ ਭਾਰਤੀ ਮੀਡੀਆ ਮੋਦੀ-ਮੋਦੀ ਹਰ ਚੈਨਲ 'ਤੇ ਕਰ ਰਿਹਾ ਹੈ, ਪਰ ਕਦੇ ਵੀ ਉਕਤ ਭਾਰਤੀ ਮੀਡੀਆ ਦੇ ਵੱਲੋਂ ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਇੱਕ ਵੀ ਖ਼ਬਰ ਨਹੀਂ ਚਲਾਈ। ਸੁਨਣ ਨੂੰ ਮਿਲ ਰਿਹਾ ਹੈ ਕਿ ਮੋਦੀ ਦੇ ਵੱਲੋਂ ਸਮੂਹ ਮੀਡੀਆ ਅਦਾਰੇ ਖ਼ਰੀਦ ਲਏ ਗਏ ਹਨ, ਜਿਸ ਦੇ ਕਾਰਨ ਭਾਰਤੀ ਮੀਡੀਆ ਵਾਲੇ ਕਦੇ ਵੀ ਕਸ਼ਮੀਰੀ ਲੋਕਾਂ ਦੀ ਗੱਲ ਕਰਦੇ ਨਜ਼ਰੀ ਹੀ ਨਹੀਂ ਆਉਂਦੇ। ਮੀਡੀਆ ਵਾਲੇ ਤਾਂ ਹਰ ਵੇਲੇ ਹੀ ਮੋਦੀ-ਮੋਦੀ ਦਾ ਪਾਠ ਹੀ ਪੜ੍ਹੀ ਜਾਂਦੇ ਹਨ। ਵੇਖਿਆ ਜਾਵੇ ਤਾਂ ਇਹ ਗੱਲ ਚੰਗੀ ਨਹੀਂ ਹੈ। ਜਿਸ ਮੀਡੀਆ ਨੇ ਸਮੂਹ ਜਨਤਾ ਨੂੰ ਸੱਚ ਵਿਖਾਉਣਾ ਹੈ, ਉਕਤ ਭਾਰਤੀ ਮੀਡੀਆ ਅਦਾਰੇ ਇੰਨੀ ਦਿਨੀਂ 'ਗੋਦੀ ਮੀਡੀਆ' ਬਣ ਕੇ ਰਹਿ ਗਏ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਫ਼ਿਰੋਜ਼ਪੁਰ ਪੁੱਜੇ ਪੰਜਾਬ ਭਾਜਪਾ ਆਗੂ ਤਰੁਨ ਚੁੱਘ ਨੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਘਰ-ਘਰ ਪਹੁੰਚਾਉਣ ਦੀ ਗੱਲ ਕਰਦਿਆਂ ਕਿਹਾ ਕਿ ਭਾਜਪਾ ਆਗੂਆਂ ਨੂੰ ਲੋਕਾਂ ਵੱਲੋਂ ਕਾਫੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਨਾਲ ਜਿੱਥੇ ਕਸ਼ਮੀਰ ਦੇ ਵਿਲੱਖਣ ਸੂਬਾ ਬਨਣ ਦਾ ਰਾਹ ਸਾਫ਼ ਹੋਇਆ ਹੈ। ਉੱਥੇ ਗੁਆਂਢੀ ਮੁਲਕ ਪਾਕਿਸਤਾਨ ਦੇ ਵੱਲੋਂ ਕਸ਼ਮੀਰ ਰਾਹੀਂ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਮਨਸੂਬਿਆਂ ਨੂੰ ਠੱਲ੍ਹ ਪਵੇਗੀ। ਪੰਜਾਬ ਭਾਜਪਾ ਆਗੂ ਤਰੁਨ ਚੁੱਘ ਨੇ ਕਿਹਾ ਕਿ ਇੱਕ ਦੇਸ਼-ਇੱਕ ਸੰਵਿਧਾਨ ਦੇ ਝੰਡੇ ਹੇਠ ਮੋਦੀ ਸਰਕਾਰ ਵੱਲੋਂ ਆਜ਼ਾਦੀ ਤੋਂ ਬਾਅਦ ਇਹ ਸਭ ਤੋਂ ਵੱਡਾ ਨਿਰਣਾ ਲੈ ਕੇ ਦੇਸ਼ ਵਾਸੀਆਂ ਨੂੰ ਇੱਕੋ ਝੰਡੇ ਅਤੇ ਕਾਨੂੰਨ ਹੇਠ ਲਿਆਉਣ ਦਾ ਯਤਨ ਕੀਤਾ ਗਿਆ ਹੈ। ਪੰਜਾਬ ਭਾਜਪਾ ਆਗੂ ਤਰੁਨ ਚੁੱਘ ਨੇ ਇਹ ਵੀ ਕਿਹਾ ਕਿ ਮੋਦੀ ਦੀ ਅਗਵਾਈ ਵਿੱਚ ਦੇਸ਼ ਤਰੱਕੀ ਦੀਆਂ ਲੀਹਾਂ 'ਤੇ ਤੁਰ ਰਿਹਾ ਹੈ। ਦੋਸਤੋ, ਕਾਸ਼.!! ਇਹ ਪੰਜਾਬ ਭਾਜਪਾ ਆਗੂ ਤਰੁਨ ਚੁੱਘ ਕਦੇ ਕਸ਼ਮੀਰ ਦੇ ਵਿੱਚ ਜਾ ਕੇ ਉੱਥੋਂ ਦੇ ਵਸਨੀਕਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਦੇ, ਪਰ ਇਨ੍ਹਾਂ ਭਾਜਪਾਈ ਲੀਡਰਾਂ ਨੂੰ ਤਾਂ ਸਿਰਫ਼ ਖ਼ੂਨ ਖ਼ਰਾਬੇ ਦੇ ਨਾਲ ਮਤਲਬ ਹੈ। ਵੇਖਿਆ ਜਾਵੇ ਤਾਂ ਜਦੋਂ ਤੋਂ ਕਸ਼ਮੀਰ ਦੇ ਵਿੱਚੋਂ ਧਾਰਾ 370 ਹਟਾਈ ਹੈ, ਉਦੋਂ ਤੋਂ ਲੈ ਕੇ ਉੱਥੇ ਇੱਕ ਵੀ ਗੋਲੀ ਨਹੀਂ ਚੱਲੀ, ਕਿਉਂਕਿ ਉੱਥੇ ਹਾਲੇ ਵੀ ਫ਼ੌਜ ਤਾਇਨਾਤ ਹੈ ਅਤੇ ਉਹ ਲੋਕਾਂ ਨੂੰ ਘਰੋਂ ਵੀ ਨਹੀਂ ਨਿਕਲਣ ਦੇ ਰਹੀ। ਜਿਸ ਦੇ ਕਾਰਨ ਕਸ਼ਮੀਰੀ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਹਨ। ਕੁਝ ਇਨਕਲਾਬੀ ਸਾਥੀਆਂ ਦੀ ਮੰਨੀਏ ਤਾਂ ਉਨ੍ਹਾਂ ਨੇ ਸਿੱਧਾ ਦੋਸ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਮੜ੍ਹਿਆ ਕਿ "ਸ਼ਾਹ-ਮੋਦੀ" ਦੀ ਯਾਰੀ ਕਸ਼ਮੀਰੀਆਂ 'ਤੇ ਪੈ ਰਹੀ ਹੈ ਭਾਰੀ। ਉਨ੍ਹਾਂ ਕਿਹਾ ਕਿ ਮੋਦੀ ਅਤੇ ਸ਼ਾਹ ਦੇ ਕਾਰਨ ਹੀ ਕਸ਼ਮੀਰੀ ਲੋਕਾਂ ਦੇ ਹੱਕ ਕੁਚਲੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਬਾਰੂਦ ਬਣਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਸ਼ਮੀਰ ਦੇ ਵਿੱਚ ਫਿਰ ਤੋਂ ਧਾਰਾ 370 ਲਗਾ ਦੇਣੀ ਚਾਹੀਦੀ ਹੈ ਤਾਂ, ਜੋ ਕਸ਼ਮੀਰੀ ਲੋਕ ਫਿਰ ਤੋਂ ਸੁਰੱਖਿਅਤ ਹੋ ਸਕਣ।

0 Comments