ਪਿਛਲੇ ਕੁਝ ਦਿਨਾਂ ਤੋਂ ਅਖ਼ਬਾਰਾਂ ਰਸਾਲਿਆਂ ਵਿਚ ਮਹਿਲਾ ਡਾਕਟਰ ਨਾਲ ਹੋਏ ਜਿਨਸੀ ਸ਼ੋਸ਼ਣ ਦਾ ਮੁੱਦਾ ਜ਼ੋਰ ਫੜਦਾ ਹੀ ਜਾ ਰਿਹਾ ਹੈ। ਜ਼ੋਰ ਫੜੇ ਵੀ ਕਿਉਂ ਨਾ, ਸਾਡੀਆਂ ਉੱਚ ਸਿੱਖਿਆ ਪ੍ਰਾਪਤ ਬੇਟੀਆਂ, ਉੱਚ ਅਹੁਦਿਆਂ 'ਤੇ ਬਿਰਾਜਮਾਨ ਹੋ ਕੇ ਵੀ ਮਰਦ ਸਮਾਜ ਵਿਚ ਮਰਦ ਦੇ ਹੱਥਾਂ ਦਾ ਖਿਡੋਣਾ ਬਣਨ ਤੱਕ ਹੀ ਸੀਮਤ ਰਹਿ ਗਈਆਂ ਹਨ। ਕੀ ਉਨ੍ਹਾਂ ਬੇਟੀਆਂ ਦਾ ਕੋਈ ਆਤਮ ਸਨਮਾਨ ਹੈ ਹੀ ਨਹੀਂ? ਕੀ ਬੇਟੀਆਂ ਆਪਣੇ ਰੁਜ਼ਗਾਰ ਉਪਰ ਵੀ ਸੁਰੱਖਿਅਤ ਨਹੀਂ ਹਨ? ਮਨੁੱਖਤਾ ਨੂੰ ਬਚਾਉਣ ਲਈ ਆਪਣੀ ਰਾਤਾਂ ਦੀ ਨੀਂਦ ਪਹਿਲੋਂ ਪੜ੍ਹਾਈ ਲਿਖਾਈ ਵਿਚ ਗੁਆਉਣ ਵਾਲੀਆਂ ਫਿਰ 8 ਸਾਲ ਦੀ ਡਾਕਟਰੀ ਪੜਾਈ ਨਾਲ ਪ੍ਰੈਕਟਿਸ ਕਰਨ ਤੇ ਅੰਤ ਵਿਚ ਆਪਣੇ ਕਿੱਤੇ ਦੀ ਸ੍ਰੇਸਠਾ ਕਾਇਮ ਰੱਖਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਆਪਣੀ ਰਾਤਾਂ ਦੀ ਨੀਦ ਗੁਆਉਣ ਵਾਲੀਆਂ ਡਾਕਟਰ ਵੀ ਹੁਣ ਆਪਣੀ ਡਿਊਟੀ 'ਤੇ ਵੀ ਸੁਰੱਖਿਅਤ ਨਹੀਂ ਹਨ। ਪਤਾ ਨਹੀਂ ਲੱਗਦਾ ਕਦੋਂ ਇਨ੍ਹਾਂ ਨੂੰ ਕੋਈ ਦਰਿੰਦਾ ਚੁਪਕੇ ਜਿਹੇ ਆ ਦਬੋਚਦਾ ਹੈ। ਜੇਕਰ ਕਿਸਮਤ ਨਾਲ ਬਚਣ ਦੀ ਕੋਸ਼ਿਸ਼ ਵੀ ਕਰਦੀਆਂ ਹਨ ਤਾਂ ਵੀ ਉੱਚ ਅਧਿਕਾਰੀਆਂ ਵਲੋਂ ਇਨ੍ਹਾਂ ਵੱਲ ਵੀ ਗੱਲ ਨਾ ਕਰਕੇ ਵਹਿਸ਼ੀ ਦਰਿੰਦਿਆਂ ਦੇ ਵਹਿਸ਼ੀਪਣ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਇਨ੍ਹਾਂ ਨੂੰ ਹੀ ਗ਼ਲਤ ਸਾਬਤ ਕਰਨ ਦੀ ਹੋੜ ਲੱਗ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਗੱਲ ਜਿਕਰਯੋਗ ਹੈ ਕਿ ਉਸ ਮਹਿਲਾ ਡਾਕਟਰ ਦਾ ਹੌਂਸਲਾ ਹੀ ਦੇਖੋ, ਜਿਸ ਨੇ ਹੋਰ ਔਰਤਾਂ ਦੀ ਤਰ੍ਹਾਂ ਆਪਣੇ ਉੱਪਰ ਹੋ ਰਹੇ ਜਿਨਸੀ ਸ਼ੋਸ਼ਨ ਦਾ ਮੁੱਦਾ, ਆਪਣੀਆਂ ਭਾਵਨਾਵਾਂ, ਆਪਣੀਆਂ ਕਦਰਾਂ ਕੀਮਤਾਂ, ਇਸ ਸਮਾਜ ਦੇ ਵਿਚ ਆਪਣੀ ਇੱਜਤ ਜਾਂ ਨਜ਼ਰਾਂ ਤੋਂ ਡਿੱਗ ਜਾਣ ਦੇ ਡਰੋ ਲੁਕਾਉਣ ਦੀ ਬਿਜਾਏ ਬਾਹਰ ਖੁੱਲ੍ਹੇ ਆਮ ਸਮਾਜ ਦੇ ਵਿਚ ਲਿਆਂਦਾ ਇਨਸਾਫ਼ ਦੇ ਲਈ। ਸਮਾਜ ਦੇ ਮੋਹਤਬਾਰ ਲੋਕਾਂ ਨੂੰ ਆਪਣੇ ਆਪ ਨਾਲ ਲੈ ਕੇ ਨਿਆਂ ਦੀ ਮੂਰਤੀ ਸਮਝੇ ਜਾਣ ਵਾਲੇ ਪ੍ਰਸਾਸ਼ਨ ਦੀ ਕਚਿਹਰੀ ਵਿਚ ਲਿਆ ਕੇ, ਇਸ ਆਸ ਨਾਲ ਰੱਖ ਦਿੱਤਾ ਕਿ ਉਸ ਨੂੰ ਇਨਸਾਫ਼ ਮਿਲੇਗਾ, ਜਰੂਰ ਮਿਲੇਗਾ। ਜੋ ਉਸ ਦੀਆਂ ਭਾਵਨਾਵਾਂ ਨਾਲ, ਉਸ ਦੀ ਮਾਨਸਿਕਤਾ ਨਾਲ, ਉਸ ਦੇ ਕੋਮਲ ਹਿਰਦੇ ਨੂੰ ਤਹਿਸ ਨਹਿਸ਼ ਕੀਤਾ ਗਿਆ, ਉਹ ਕਿੰਨੇਂ ਮਾਨਸਿਕ ਕਸਟਾਂ ਵਿਚੋਂ ਨਿਕਲੀ, ਉਸ ਦੀ ਆਤਮਾ ਤਾਰ-ਤਾਰ ਹੋਈ, ਰੂਹ ਲਹੂ ਲੁਹਾਣ ਹੋਈ, ਉਸ ਨੂੰ ਕਿਸੇ ਵਹਿਸ਼ੀ ਦੀ ਛੋਹ ਤੋਂ ਕਿੰਨੀ ਗਿਲਾਨੀ (ਕੋਫ਼ਤ) ਹੋਈ ਹੋਵੇਗੀ। ਪਵਿੱਤਰਤਾ ਦੀ ਮੂਰਤ ਕਹੀ ਜਾਣ ਵਾਲੀ ਮਹਿਲਾ ਡਾਕਟਰ ਨੇ ਕਿੰਨਾ ਕੁਝ ਬਰਦਾਸ਼ਤ ਕੀਤਾ ਹੋਵੇਗਾ। ਇਹ ਉਹ ਖੁਦ ਜਾਣਦੀ ਹੈ, ਜਾਂ ਫਿਰ ਉਸ ਦਾ ਖੁਦਾ। ਕੀ ਕਮੀ ਸੀ, ਉਸ ਮਹਿਲਾ ਡਾਕਟਰ ਵਿਚ, ਉਸ ਨੇ ਵੀ ਮਰਦ ਡਾਕਟਰ ਜਿੰਨੀ ਪੜਾਈ ਲਿਖਾਈ ਕੀਤੀ ਸੀ। ਉਸ ਜਿੰਨਾਂ ਹੀ ਤਜ਼ਰਬਾ ਸੀ, ਉਹ ਉਸ ਜਿੰਨੀ ਹੀ ਕਮਾਈ ਕਰਦੀ ਸੀ। ਹੋ ਸਕਦਾ ਹੈ ਕਿ ਉਹ ਉਸ ਤੋਂ ਵੀ ਜ਼ਿਆਦਾ ਕਾਬਲੀਅਤ ਰੱਖਦੀ ਹੋਵੇ। ਔਰਤਾਂ ਦੀ ਜ਼ਿਆਦਾ ਕਾਬਲੀਅਤ ਕਈ ਵਾਰ ਮਰਦ ਪ੍ਰਧਾਨ ਸਮਾਜ ਵਿਚ ਮਰਦਾਂ ਨੂੰ ਰਾਸ ਨਹੀਂ ਆਉਂਦੀ। ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲੇ ਮਰਦ ਕਿਵੇਂ ਬਰਦਾਸ਼ਤ ਕਰਨ ਕਿ ਕੋਈ ਔਰਤ ਉਨ੍ਹਾਂ ਤੋਂ ਚੰਗੇ ਫੈਸਲੇ ਲੈ ਸਕਦੀ ਹੈ। ਉਹ ਕਿਵੇਂ ਬਰਦਾਸ਼ਤ ਕਰਨ ਕਿ ਮਹਿਲਾ ਡਾਕਟਰ ਕੋਲ ਉਨ੍ਹਾਂ ਨਾਲੋਂ ਜ਼ਿਆਦਾ ਭੀੜ ਹੋਵੇ। ਹਰ ਕੋਈ ਉਸ ਮਹਿਲਾ ਡਾਕਟਰ ਦੀ ਕਾਬਲੀਅਤ ਅਤੇ ਮਿੱਠ ਬੋਲੜੇ ਕਿਰਦਾਰ ਕਰਕੇ ਉਸ ਦੀ ਸਿਫਤ ਕਰਦਾ ਹੋਵੇ। ਉੱਚ ਅਧਿਕਾਰੀਆਂ ਕੋਲ ਉਸ ਮਰਦ ਡਾਕਟਰ ਦੀਆਂ ਸਲਾਨਾ ਰਿਪੋਰਟਾਂ ਤੋਂ ਚੰਗੀਆਂ ਰਿਪੋਰਟਾਂ ਇਸ ਮਹਿਲਾ ਡਾਕਟਰ ਦੀਆਂ ਹੋਣ, ਇਹ ਸਰਕਾਰੀ ਟਾਰਗਿਟ ਵੀ ਉਸ ਤੋਂ ਜ਼ਿਆਦਾ ਪੂਰੇ ਕਰਦੀ ਹੋਵੇ ਅਤੇ ਹੋ ਸਕਦਾ ਹੈ ਕਿ ਇਹ ਮਹਿਲਾ ਡਾਕਟਰ ਆਪਣੇ ਅਸੂਲਾਂ ਦੀ ਪੱਕੀ ਹੋਵੇ ਅਤੇ ਆਪਣੀ ਆਤਮਾ ਦੇ ਵਿਰੁੱਧ ਜਾ ਕੇ ਕਈ ਗਲਤ ਫੈਸਲੇ ਆਪਣੇ ਸੀਨੀਅਰ ਡਾਕਟਰ ਦੇ ਮੰਨਣ ਤੋਂ ਇਨਕਾਰ ਕਰਦੀ ਹੋਵੇ, ਤਾਂ ਹੀ ਮਰਦ ਡਾਕਟਰ ਵਲੋਂ ਔਰਤ ਡਾਕਟਰ ਨੂੰ ਪਿੱਛੇ ਸੁੱਟਣ ਲਈ ਅਤੇ ਉਸ ਦੇ ਆਤਮ ਵਿਸਵਾਸ਼ ਨੂੰ ਕੰਮਜੋਰ ਕਰਨ ਲਈ, ਜਿਨਸੀ ਸੋਸ਼ਣ ਜਿਹੇ ਹਥਿਆਰ ਦੀ ਵਰਤੋਂ ਕਰਕੇ ਕੋਝੀ ਸਾਜਿਸ਼ ਰਚੀ ਹੋਵੇ। ਔਰਤ ਦੀ ਖੂਬਸੂਰਤ ਹਮੇਸ਼ਾਂ ਹੀ ਮਰਦ ਦੇ ਦਿਮਾਗ ਦੀ ਕਮਜ਼ੋਰੀ ਰਹੀ ਹੈ। ਔਰਤ ਖੂਬਸੂਰਤ ਭਲੇ ਨਾ ਹੀ ਹੋਵੇ, ਫਿਰ ਵੀ ਉਸ ਦੀ ਸਰੀਰਿਕ ਬਨਾਵਟ ਮਰਦ ਨੂੰ ਆਪਣੇ ਵੱਲ ਖਿੱਚਦੀ ਹੀ ਖਿੱਚਦੀ ਹੈ। ਇਸ ਵਿਚ ਭਲਾ ਔਰਤ ਦਾ ਕੀ ਕਸੂਰ ਹੈ? ਖੂਬਸੂਰਤ ਹੋਣਾ ਵਰਦਾਨ ਹੈ, ਸ਼ਰਾਪ ਨਹੀਂ। ਖੂਬਸੂਰਤ ਹੋਣ ਦੇ ਨਾਲ ਨਾਲ ਇਕ ਡਾਕਟਰ ਹੋਣਾ, ਉਹ ਵੀ ਕਿਸੇ ਨਾਮਵਰ ਸੰਸਥਾ ਵਿਚ ਇਹ ਕਿਸੇ ਪ੍ਰਮਾਤਮਾ ਵਲੋਂ ਅਨਮੋਲ ਤੋਹਫੇ ਤੋਂ ਘੱਟ ਨਹੀਂ ਹਨ। ਜਦੋਂ ਕਿ ਹਜ਼ਾਰਾਂ, ਲੱਖਾਂ ਦੀ ਗਿਣਤੀ ਵਿਚ ਨੌਜਵਾਨ ਨੌਕਰੀਆਂ ਲਈ ਕੜਦੀਆਂ ਧੁੱਪਾਂ ਤੇ ਹੱਢ ਚੀਰਵੀਂ ਠੰਢ ਵਿਚ ਸੜਕਾਂ ਉਪਰ ਰੋਸ ਮਾਰਚ ਕਰਦੇ ਹਨ। ਰੈਲੀਆਂ ਕਰਦੇ ਹਨ ਅਤੇ ਧਰਨੇ ਦਿੰਦੇ ਹਨ। ਦਿਨ ਰਾਤ ਆਪਣਾ ਪੇਟ ਭਰਨ ਤੇ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਚਿੰਤਾਂ ਵਿਚ ਡੁੱਬੇ ਰਹਿੰਦੇ ਹਨ, ਕਿ ਕੁਝ ਕੁ ਪੈਸਿਆਂ ਦੀ ਨੌਕਰੀ ਮਿਲ ਜਾਵੇ। ਭਾਵੇਂ ਠੇਕੇ 'ਤੇ ਹੀ ਸਹੀ, ਆਪਣੀ ਪੜਾਈ ਲਿਖਾਈ, ਆਪਣੀ ਉੱਚ ਸਿੱਖਿਆ, ਜੋ ਕਿ ਮਹਿੰਗੀਆਂ ਸੰਸਥਾਵਾਂ ਤੋਂ ਮਹਿੰਗੇ ਮੁੱਲ ਭਰ ਕੇ ਪ੍ਰਾਪਤ ਕੀਤੀ ਹੁੰਦੀ ਹੈ, ਉਸ ਦੀ ਰੱਤੀ ਭਰ ਦੀ ਪਰਵਾਹ ਨਾ ਕਰਦਿਆ, ਕਿਸੇ ਮਾਮੂਲੀ ਤਨਖ਼ਾਹ ਦੀ ਛੋਟੀ ਜਿਹੀ ਨੌਕਰੀ ਤੇ ਲੱਗਣ ਲਈ ਤਿਆਰ ਹੋ ਜਾਂਦੇ ਹਨ। ਪਰ ਚੰਗੀਆਂ ਪੜਾਈਆਂ ਤੇ ਚੰਗੀਆਂ ਨੌਕਰੀਆਂ ਤੇ ਲੱਗੀਆਂ ਔਰਤਾਂ ਨਾਲ ਵੀ ਜਿਨਸੀ ਸੋਸ਼ਣ ਦੀਆਂ ਅਜਿਹੀਆਂ ਘਟਨਾਵਾਂ ਸਮਾਜ ਨੂੰ ਕਿਥੋਂ ਤੋਂ ਕਿਥੇ ਲੈ ਜਾਣਦੀਆਂ। ਕੀ ਬਣੇਗਾ, ਉਨ੍ਹਾਂ ਔਰਤਾਂ ਦਾ ਜੋ ਮਾਮੂਲੀ ਤਨਖ਼ਾਹ ਉਪਰ ਪ੍ਰਾਈਵੇਟ ਕੰਪਨੀ/ਸੰਸਥਾਵਾਂ ਵਿਚ ਕੰਮ ਕਰਦੀਆਂ ਹਨ। ਕਿੰਨੀ ਵਾਰ ਜਿਨਸੀ ਸ਼ੋਸਣ ਦਾ ਸ਼ਿਕਾਰ ਹੁੰਦੀਆਂ ਹੋਣਗੀਆਂ ਉਹ, ਜੋ ਉਨ੍ਹਾਂ ਨੂੰ ਪਰਿਵਾਰਿਕ ਮਜ਼ਬੂਰੀ ਕਰਕੇ ਬੇ ਅਵਾਜ ਬਣਾ ਦਿੰਦਾ ਹੈ, ਕੀ ਹੁੰਦਾ ਹੋਵੇਗਾ ਉਥੇ? ਫਰੀਦਕੋਟ ਵਿਚ ਮਹਿਲਾ ਡਾਕਟਰ ਨਾਲ ਹੋਏ ਜਿਨਸੀ ਸੋਸ਼ਣ ਨੇ ਮਨ ਹਿਲਾ ਕੇ ਰੱਖ ਦਿੱਤਾ ਹੈ। ਕਈ ਇਨਕਲਾਬੀਆਂ, ਕਿਰਤੀਆਂ ਤੋਂ ਇਲਾਵਾ ਕਿਸਾਨਾਂ ਅਤੇ ਨੌਜਵਾਨ ਵਿਦਿਆਰਥੀਆਂ ਨੇ ਧਰਨੇ ਦਿੱਤੇ ਹਨ। ਪਰ ਕੀ ਹੋਇਆ, ਕਥਿਤ ਤੌਰ 'ਤੇ ਸਿਆਸੀ ਦਬਾਅ ਕਰਕੇ ਸਭ ਕੁਝ ਠੰਢੇ ਬਸਤੇ ਪੈ ਗਿਆ। ਆਪਣੇ ਘਰ ਦਾ, ਆਪਣੀਆਂ ਬਹੂ ਬੇਟੀਆਂ ਦੀ ਸਾਲਾਬੱਧੀ ਸਾਰ ਨਾ ਲੈਣ ਵਾਲੇ, ਕੀ ਇਨਸਾਫ਼ ਦਵਾਉਣਗੇ ਕਿਸ ਨੂੰ? ਹਰ ਮਰਦ ਔਰਤ ਨੂੰ ਸਿਰਫ਼ ਤੇ ਸਿਰਫ਼ ਇਕ ਮੋਮ ਦੀ ਗੁੱਡੀ ਸਮਝਦਾ ਹੈ ਕਿ ਜਿਧਰ ਮਰਜੀ ਮੋੜ ਲਵੋ। ਕੀ ਹੁਣ ਤਿੰਨ ਮਹੀਨਿਆਂ ਤੋਂ ਉਪਰ ਹੋ ਗਿਆ, ਇਸ ਉਲਝੇ ਮਸਲੇ ਨੂੰ ਲਟਕਦਿਆਂ, ਕੀ ਜਿੰਨੀ ਦੇਰ ਤੱਕ ਇਹ ਮਹਿਲਾ ਡਾਕਟਰ ਹੈਦਰਾਬਾਦ ਦੀ ਡਾਕਟਰ ਦੀ ਤਰ੍ਹਾਂ ਜਲਾਈ ਨਹੀਂ ਜਾਂਦੀ। ਉਸ 'ਤੇ ਅੱਤਿਆਚਾਰ ਨਹੀਂ ਹੋ ਜਾਂਦਾ ਸੀ, ਉਦੋਂ ਤੱਕ ਇਹ ਮੰਨਿਆ ਜਾਂਦਾ ਕਿ ਜਿਨਸੀ ਸੋਸ਼ਣ ਹੋਇਆ ਹੈ? ਕੀ ਸਮਾਂ ਰਹਿੰਦੇ ਕੀਤੀ ਸ਼ਿਕਾਇਤ ਤੇ ਕੁਝ ਨਹੀਂ ਹੋਣਾ ਚਾਹੀਦਾ? ਔਰਤ ਜੇਕਰ ਸ਼ਿਕਾਇਤ ਕਰਦੀ ਹੈ ਤਾਂ ਵੀ ਮੰਨ ਲੈਣਾ ਚਾਹੀਦਾ ਹੈ, ਕਿਉਂਕਿ ਔਰਤ ਬਹੁਤ ਕੁਝ ਬਰਦਾਸ਼ਤ ਕਰਦੀ ਹੈ। ਔਰਤ ਧਰਤੀ ਹੈ ਅਤੇ ਅਗਰ ਕਿਸੇ ਰੁੱਖ ਨੇ ਉੱਗਣਾ ਹੁੰਦਾ ਹੈ ਤਾਂ ਧਰਤੀ ਦਾ ਸੀਨਾ ਪਾੜ ਕੇ ਹੀ ਉੱਗਦਾ ਹੈ ਤੇ ਸੀਨਾ ਫਟਣ ਲੱਗਿਆ ਕਿੰਨੀਂ ਪੀੜ ਹੁੰਦੀ ਹੋਵੇਗੀ, ਇਹ ਤਾਂ ਸਿਰਫ਼ ਧਰਤੀ ਹੀ ਜਾਣਦੀ ਹੈ। ਧਰਤੀ ਉਪਰ ਨਦੀਆਂ, ਖੂਹ, ਇਮਾਰਤਾਂ, ਦਰੱਖਤ ਲਗਾਏ ਜਾਂਦੇ ਹਨ। ਧਰਤੀ ਦਰਦ ਦੇ ਹੰਝੂ ਕੇਰਨ ਦੀ ਥਾਂ ਤੇ ਉਨ੍ਹਾਂ ਹੰਝੂਆਂ ਦਾ ਪਾਣੀ ਦੇ ਕੇ ਕੁਦਰਤੀ ਸੋਮਿਆਂ ਨੂੰ ਬਣਾਈ ਰੱਖਦੀ ਹੈ ਅਤੇ ਸਾਂਭ ਸੰਭਾਲ ਕਰਦੀ ਹੈ। ਪਰ ਔਰਤ ਦਾ ਇਮਤਿਹਾਨ ਇਨ੍ਹਾਂ ਵੀ ਨਹੀਂ ਲੈਣਾ ਚਾਹੀਦਾ ਕਿ ਉਹ ਬੇ-ਅਵਾਜ ਹੋਵੇ ਅਤੇ ਉਸ ਦੇ ਮਨ ਤੋਂ ਨਿਕਲੀ ਬਦ-ਅਸੀਸ ਪ੍ਰਮਾਤਮਾ ਦੀ ਬੇ ਅਵਾਜ ਲਾਠੀ ਬਣ ਕੇ ਉਨ੍ਹਾਂ ਵਿਅਕਤੀਆਂ ਉਪਰ ਕਹਿਰ ਬਣ ਕੇ ਟੁੱਟ ਪਵੇ। ਅਗਰ ਅੱਜ ਉਸ ਮਹਿਲਾ ਡਾਕਟਰ ਦੀ ਹਮਾਇਤ ਵਿਚ ਮਹਿਲਾ ਕਮਿਸ਼ਨ/ਮਹਿਲਾ ਜਥੇਬੰਦੀਆਂ ਸਾਹਮਣੇ ਨਾ ਆਈਆਂ ਤਾਂ, ਉਹ ਦਿਨ ਦੂਰ ਨਹੀਂ, ਜਿੰਨਾਂ ਸੰਸਥਾਵਾਂ ਵਿਚ ਮਹਿਲਾ ਕੰਮ ਕਰਦੀਆਂ ਹਨ, ਉਥੋਂ ਦੀਆਂ ਮਹਿਲਾ ਕਰਮਚਾਰੀਆਂ ਨਾਲ ਜਿਨਸੀ ਸੋਸ਼ਣ ਕਰਨ ਤੋਂ ਮਰਦ ਕਰਮਚਾਰੀ ਨਹੀਂ ਝਿਜਕਣਗੇ। ਕਿਉਂਕਿ ਹਰ ਮਹਿਲਾ ਉਸ ਮਹਿਲਾ ਡਾਕਟਰ ਜਿੰਨੀ ਬਹਾਦਰ ਨਹੀਂ ਹੁੰਦੀ, ਜਿਹੜੀ ਕਿ ਆਪਣੇ ਉਪਰ ਹੋਏ ਸ਼ੋਸਣ ਬਾਰੇ ਸਭ ਨੂੰ ਦੱਸ ਸਕੇ ਅਤੇ ਇਨਸਾਫ਼ ਦੀ ਪ੍ਰਾਪਤੀ ਦੀ ਗੁਹਾਰ ਲਗਾ ਸਕੇ। ਅੱਜ ਹਰ ਔਰਤ ਨੂੰ ਉਸ ਮਹਿਲਾ ਡਾਕਟਰ ਦੁਆਰਾ ਚੁੱਕੀ ਗਈ ਅਵਾਜ ਦਾ ਹਿੱਸਾ ਬਣਨਾ ਚਾਹੀਦਾ ਹੈ। ਅਗਰ ਸਾਡੇ ਸਮਾਜ ਨੂੰ ਸਾਡੀਆਂ ਇਮਾਨਦਾਰ, ਖੁਦਾਰ, ਮਿਹਨਤੀ ਤੇ ਅਹੁਦਿਆਂ ਤੇ ਬਿਰਾਜਮਾਨ ਬੇਟੀਆਂ ਨੂੰ ਬਚਾਉਣਾ ਹੈ ਤਾਂ ਵੱਡੀਆਂ ਸੰਸਥਾਵਾਂ ਵਿਚਲੀਆਂ ਕਾਲੀਆਂ ਭੇਡਾਂ ਖਿਲਾਫ ਸਰਕਾਰ ਨੂੰ ਵੀ ਸਖ਼ਤ ਕਦਮ ਚੁੱਕਣੇ ਪੈਣਗੇ। ਜੇਕਰ ਮਹਿਲਾਵਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਸਿਰਫ਼ ਮੋਮਬੱਤੀਆਂ ਜਗਾਉਣੀਆਂ ਰਹਿ ਜਾਣਗੀਆਂ ਅਤੇ ਫਿਰ ਰੁਜ਼ਗਾਰ ਦੇਣ ਦੀ ਥਾਂ 'ਤੇ ਮੋਮਬੱਤੀਆਂ ਦੀਆਂ ਫੈਕਟਰੀਆਂ ਖੋਲ੍ਹਣ ਲਈ ਸਬਸਿਡੀਆਂ ਦਿੱਤੀਆਂ ਜਾਣਗੀਆਂ।
ਪਰਮਜੀਤ ਕੌਰ ਸਿੱਧੂ

1 Comments
ਬਹੁਤ ਆਲ੍ਹਾ ਲਿਖਿਆ ਐ
ReplyDelete