ਭਾਰਤ ਦੇਸ਼ ਆਜ਼ਾਦ ਹੋਇਆ ਨੂੰ, ਭਾਵੇਂ 72 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ, ਪਰ ਹੁਣ ਤੱਕ ਸਾਡੇ ਦੇਸ਼ ਦੇ ਅੰਦਰ ਸਿੱਖਿਆ ਪੱਧਰ ਦਾ ਸੁਧਾਰ ਨਹੀਂ ਹੋ ਸਕਿਆ। ਸਮੇਂ ਸਮੇਂ ਦੀਆਂ ਸਰਕਾਰਾਂ ਦੇ ਵਲੋਂ ਦਾਅਵੇ ਅਤੇ ਵਾਅਦੇ ਤਾਂ ਭਾਵੇਂ ਹੀ ਕਈ ਕੀਤੇ ਜਾਂਦੇ ਹਨ ਸਿੱਖਿਆ ਵਿਚ ਸੁਧਾਰ ਕਰਨ ਵਾਸਤੇ, ਪਰ ਅਫ਼ਸੋਸ ਉਕਤ ਦਾਅਵੇ ਅਤੇ ਵਾਅਦੇ ਸਿਰਫ਼ ਤੇ ਸਿਰਫ਼ ਬਿਆਨਬਾਜੀ ਤੱਕ ਹੀ ਸੀਮਤ ਰਹਿ ਜਾਂਦੇ ਹਨ। ਭਾਰਤ ਦੇ ਅੰਦਰ ਬਹੁਤ ਸਾਰੇ ਰਾਜ ਅਜਿਹੇ ਹਨ, ਜਿਥੋਂ ਦੇ ਸਕੂਲਾਂ ਦੀ ਹਾਲਤ ਬੜੀ ਮਾੜੀ ਹੈ।
ਉਨ੍ਹਾਂ ਰਾਜਾਂ ਦੇ ਵਿਚ ਇਕ ਰਾਜ ਪੰਜਾਬ ਵੀ ਹੈ, ਜਿਥੋਂ ਦੇ ਬਹੁਤ ਸਾਰੇ ਸਕੂਲ ਹਾਲੇ ਵੀ ਅਜਿਹੇ ਹਨ, ਜਿਨ੍ਹਾਂ ਦੀ ਹਾਲਤ ਬਹੁਤੀ ਚੰਗੀ ਨਹੀਂ। ਜਿਥੇ ਬੱਚੇ ਦਾ 'ਬੇਸ' ਬਣਨਾ ਹੁੰਦਾ ਹੈ, ਮਤਲਬ ਕਿ ਪ੍ਰਾਇਮਰੀ ਸਕੂਲ, ਉਹ ਸਕੂਲ ਵੀ ਅੱਜ ਬਹੁਤੇ ਚੰਗੇ ਨਹੀਂ ਹਨ। ਪ੍ਰਾਇਮਰੀ ਸਕੂਲਾਂ ਦੇ ਵਿਚ ਅਧਿਆਪਕਾਂ ਦੀ ਘਾਟ ਤੋਂ ਇਲਾਵਾ, ਪੀਣ ਵਾਲੇ ਪਾਣੀ ਦੀ ਸਮੱਸਿਆ, ਵਰਦੀਆਂ ਅਤੇ ਹੋਰ ਕਈ ਅਨੇਕਾਂ ਸਮੱਸਿਆਵਾਂ ਹਨ, ਜਿਨ੍ਹਾਂ ਦੇ ਵੱਲ ਨਾ ਤਾਂ ਸੂਬੇ ਦੀ ਸਰਕਾਰ ਧਿਆਨ ਦੇ ਰਹੀ ਹੈ ਅਤੇ ਨਾ ਹੀ ਸਬੰਧਤ ਸਿੱਖਿਆ ਵਿਭਾਗ ਧਿਆਨ ਦੇ ਰਿਹਾ ਹੈ।
ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਦੇਸ਼ ਦੇ ਬਹੁਤੇ ਪ੍ਰਾਇਮਰੀ ਸਕੂਲਾਂ ਦਾ ਮਾੜਾ ਹਾਲ ਸਰਕਾਰਾਂ ਅਤੇ ਸਿੱਖਿਆ ਵਿਭਾਗ ਦੀ ਅਣਗਹਿਲੀ ਦੇ ਕਾਰਨ ਹੀ ਹੋਇਆ ਹੈ। ਦੋਸਤੋ, ਪੰਜਾਬ ਦੇ ਅੰਦਰ ਭਾਵੇਂ ਹੀ ਪਿਛਲੇ ਸਾਲ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਸਨ, ਪਰ ਉਨ੍ਹਾਂ ਦੇ ਕੁਲ ਮਿਲਾ ਕੇ ਨਤੀਜੇ ਸਹੀ ਨਹੀਂ ਆ ਸਕੇ। ਕਿਉਂਕਿ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ ਅਤੇ ਬੱਚਿਆਂ ਨੂੰ ਪੜਾਉਣ ਵਾਲਾ ਸਕੂਲ ਦੇ ਵਿਚ ਕੋਈ ਵੀ ਨਹੀਂ ਸੀ।
ਜੇਕਰ ਕੋਈ ਇਕ ਅੱਧਾ ਅਧਿਆਪਕ ਸਕੂਲ ਵਿਚ ਬੱਚਿਆਂ ਨੂੰ ਪੜਾਉਣ ਵਾਲਾ ਹੈਗਾ ਵੀ ਸੀ ਤਾਂ, ਉਹ ਵੀ ਪੂਰੀ ਤਰ੍ਹਾ ਨਾਲ ਸਾਰੇ ਬੱਚਿਆਂ ਨੂੰ ਪੜਾ ਨਹੀਂ ਸੀ ਪਾ ਰਿਹਾ। ਮਿਲੀ ਜਾਣਕਾਰੀ ਦੇ ਮੁਤਾਬਿਕ ਪੰਜਾਬ ਦੇ ਬਹੁਤ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਚੱਲ ਰਹੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਪੜਦੇ ਬੱਚਿਆਂ ਨੂੰ ਸੰਭਾਲਣ ਲਈ ਹੁਣ ਪ੍ਰੀ ਪ੍ਰਾਇਮਰੀ ਟੀਚਰ ਅਤੇ ਹੈਲਪਰ ਹੀ ਸਰਕਾਰ ਨਹੀਂ ਦੇ ਸਕੀ। ਰੈਸ਼ਨਲਾਈਜੇਸ਼ਨ ਨੂੰ ਵਿਗਿਆਨਕ ਢੰਗ ਨਾਲ ਲਾਗੂ ਸਰਕਾਰ ਲਾਗੂ ਨਹੀਂ ਕਰ ਸਕੀ। ਇਸ ਤੋਂ ਇਲਾਵਾ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਵਿਚ ਜਮਾਤ ਵਾਰ ਅਧਿਆਪਕ ਵੀ ਸਰਕਾਰ ਨਹੀਂ ਦੇ ਸਕੀ।
ਹੁਣ ਸਵਾਲ ਉੱਠਦਾ ਹੈ ਕਿ ਕੀ ਇਹ ਹੋਇਆ ਹੈ ਪ੍ਰਾਇਮਰੀ ਸਕੂਲਾਂ ਵਿਚ ਸੁਧਾਰ? ਜਿਥੇ ਨਾ ਤਾਂ ਅਧਿਆਪਕ ਹਨ, ਨਾ ਹੀ ਹੈਲਪਰ, ਨਾ ਹੀ ਹੋਰ ਸੁੱਖ ਸਹੂਲਤਾਂ ਹਨ। ਕੀ ਇਸ ਤਰ੍ਹਾਂ ਨਾਲ ਬੱਚੇ ਅੱਗੇ ਵੱਧ ਪਾਉਣਗੇ? ਕੀ ਸਰਕਾਰ ਦਾ ਫਰਜ ਨਹੀਂ ਬਣਦਾ ਕਿ ਉਹ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਤੋਂ ਪਹਿਲੋਂ ਸਕੂਲਾਂ ਦੀ ਸਥਿਤੀ ਵੱਲ ਵੀ ਧਿਆਨ ਮਾਰ ਲਵੇ। ਦੱਸ ਦਈਏ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾ ਰਹੇ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਦਾ ਪੱਧਰ ਬਾਕੀ ਸੂਬਿਆਂ ਨਾਲੋਂ ਬਹੁਤ ਹੇਠਾਂ ਜਾ ਚੁੱਕਾ ਹੈ।
ਇਸ ਲਈ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪ੍ਰਾਇਮਰੀ ਸਕੂਲਾਂ ਵਿੱਚ ਜਮਾਤਵਾਰ ਅਧਿਆਪਕ ਦਿੱਤੇ ਜਾਣ ਅਤੇ ਸੈਕੰਡਰੀ ਵਿੱਚ ਵਿਸ਼ੇ ਵਾਰ ਅਧਿਆਪਕ ਨਿਯੁਕਤ ਕੀਤੇ ਜਾਣ, ਤਾਂ ਹੀ ਸਿੱਖਿਆ ਦਾ ਪੱਧਰ ਬਣਾਇਆ ਜਾ ਸਕਦਾ ਹੈ। ਦੋਸਤੋ, ਦੇਖ਼ਣਾ ਹੁਣ ਇਹ ਹੋਵੇਗਾ ਕਿ ਕੀ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਪ੍ਰੀ-ਪ੍ਰਾਇਮਰੀ ਕਲਾਸਾਂ ਠੀਕ ਢੰਗ ਤਰੀਕੇ ਨਾਲ ਚੱਲ ਸਕਣਗੀਆਂ? ਕੀ ਸਿੱਖਿਆ ਸਕੱਤਰ ਇਸ ਵੱਲ ਧਿਆਨ ਦੇਣਗੇ? ਕੀ ਸਰਕਾਰ ਹੁਣ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਵੱਲ ਧਿਆਨ ਮਾਰੇਗੀ?