ਮਾਣਯੋਗ ਹਾਈਕੋਰਟ ਦੇ ਵਲੋਂ ਭਾਵੇਂ ਹੀ ਸਮੇਂ ਸਮੇਂ 'ਤੇ ਪੰਜਾਬ ਦੀਆਂ ਸਰਕਾਰਾਂ ਨੂੰ ਫੁਰਮਾਨ ਜਾਰੀ ਕਰਦਿਆ ਹੋਇਆ ਆਖਿਆ ਜਾਂਦਾ ਹੈ ਕਿ ਧਾਰਮਿਕ ਸਥਾਨਾਂ ਦੇ ਵਿਚ ਲਾਊਡ ਸਪੀਕਰਾਂ ਦੀ ਵਰਤੋਂ 'ਤੇ ਪਾਬੰਦੀ ਲਗਾਈ ਜਾਵੇ। ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਕਰਦੀ। ਭਾਵੇਂ ਹੀ ਇਹ ਮਾਮਲਾ ਧਰਮ ਦੇ ਨਾਲ ਜੁੜਿਆ ਹੋਇਆ ਹੈ, ਖ਼ੌਰੇ ਤਾਂ ਹੀ ਸਾਡੀਆਂ ਸਰਕਾਰ ਉਕਤ ਧਾਰਮਿਕ ਸਥਾਨਾਂ ਦੇ ਨਾਲ ਪੰਗਾ ਲੈਣ ਤੋਂ ਡਰਦੀਆਂ ਹਨ, ਪਰ ਜਦੋਂ ਉਕਤ ਲੀਡਰ ਵੋਟਾਂ ਲਈ ਧਾਰਮਿਕ ਸਥਾਨਾਂ 'ਤੇ ਜਾਂਦੇ ਹਨ ਤਾਂ, ਉਦੋਂ ਕਿਉਂ ਨਹੀਂ ਡਰ ਲੱਗਦਾ? ਕਿਉਂਕਿ ਵੱਡੇ ਵੱਡੇ ਝੂਠ ਤਾਂ ਲੀਡਰਾਂ ਦੇ ਵਲੋਂ ਧਾਰਮਿਕ ਸਥਾਨਾਂ 'ਤੇ ਹੀ ਬੋਲੇ ਜਾਂਦੇ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਮਾਣਯੋਗ ਹਾਈਕੋਰਟ ਦੇ ਵਲੋਂ ਲਾਊਡ ਸਪੀਕਰਾਂ ਦੀ ਧਾਰਮਿਕ ਸਥਾਨਾਂ 'ਤੇ ਬਿਨਾਂ ਆਗਿਆ ਤੋਂ ਦਿਨ ਸਮੇਂ ਚਲਾਉਣ 'ਤੇ ਪਾਬੰਦੀ ਲਗਾਈ ਲਗਾ ਦਿੱਤੀ ਗਈ ਹੈ। ਭਾਵੇਂ ਹੀ ਮਾਣਯੋਗ ਹਾਈਕੋਰਟ ਨੇ ਇਹ ਫੈਸਲਾ ਕਾਫੀ ਸਖਤ ਸ਼ਬਦਾਂ ਦੇ ਵਿਚ ਸੁਣਾਇਆ ਹੈ, ਪਰ ਇਸ ਦੀ ਪ੍ਰਵਾਹ ਕੋਈ ਵੀ ਧਾਰਮਿਕ ਸਥਾਨ ਨਹੀਂ ਕਰ ਰਿਹਾ। ਅੱਜ ਜੋ ਹਾਲ ਪੰਜਾਬ ਦੇ ਅੰਦਰ ਹੋਇਆ ਪਿਆ ਹੈ, ਉਸ ਤੋਂ ਸਾਫ਼ ਹੋ ਜਾਂਦਾ ਹੈ ਕਿ ਧਰਮ ਦੇ ਨਾਂਅ 'ਤੇ ਲੋਕ ਬਹੁਤ ਕੁਝ ਅਜਿਹਾ ਕਰ ਰਹੇ ਹਨ। ਜਿਸ ਦੀ ਲੋੜ ਨਹੀਂ ਹੈ। ਵੇਖਿਆ ਜਾਵੇ ਤਾਂ ਜਿਸ ਵੀ ਧਰਮੀ ਬੰਦੇ ਨੇ ਗੁਰੂ ਮਹਾਰਾਜ ਦੀ ਬਾਣੀ ਸੁਣਨੀ ਹੈ ਤਾਂ ਉਹ ਹੈੱਡਫੋਨ ਲਗਾ ਕੇ ਵੀ ਸੁਣ ਸਕਦਾ ਹੈ ਅਤੇ ਉਸ ਨੂੰ ਪੱਲੇ ਬੰਨ੍ਹ ਕੇ ਉਸ 'ਤੇ ਅਮਲ ਕਰ ਸਕਦਾ ਹੈ, ਪਰ ਜਿਸ ਨੇ ਸਿਰਫ਼ ਵਿਖਾਵਾਂ ਕਰਨਾ ਹੈ, ਉਸ ਮੂਹਰੇ ਭਾਵੇਂ 50 ਲਾਊਡ ਸਪੀਕਰ ਲਗਾ ਦਿਓ, ਉਸ ਦੇ ਪੱਲੇ ਤਾਂ ਵੀ ਕੁਝ ਨਹੀਂ ਪੈਣਾ। ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਸਾਡੇ ਪੰਜਾਬੀ ਇਸ ਵੇਲੇ ਦਿਖਾਵਾਂ ਜਿਆਦਾ ਕਰ ਰਹੇ ਹਨ, ਜਦੋਂਕਿ ਗੁਰੂ ਦੀ ਬਾਣੀ ਨੂੰ ਹਿਰਦੇ ਅੰਦਰ ਘੱਟ ਵਸਾ ਰਹੇ ਹਨ, ਜਿਸ ਦੇ ਕਾਰਨ ਪੰਜਾਬ ਪਿਛੇ ਜਾ ਰਿਹਾ ਹੈ। ਵੇਖਿਆ ਜਾਵੇ ਤਾਂ ਜੋ ਸਿਖਿਆਵਾਂ ਸਾਡੇ ਗੁਰੂ ਸਹਿਬਾਨ ਸਾਨੂੰ ਦੇ ਕੇ ਗਏ, ਅਸੀਂ ਉਨ੍ਹਾਂ 'ਤੇ ਅਮਲ ਨਹੀਂ ਕਰ ਰਹੇ, ਜਦੋਂਕਿ ਲਾਊਡ ਸਪੀਕਰ ਲਗਾ ਕੇ ਨਾਲੇ ਤਾਂ ਆਪ ਪ੍ਰਦੂਸ਼ਨ ਫੈਲਾ ਰਹੇ ਹਾਂ ਅਤੇ ਨਾਲੇ ਦੂਜਿਆਂ ਦੇ ਕੰਮਾਂ ਵਿਚ ਵਿਘਨ ਪਾ ਰਹੇ ਹਨ। ਦੱਸ ਦਈਏ ਕਿ ਭਾਵੇਂ ਹੀ ਮਾਣਯੋਗ ਹਾਈਕੋਰਟ ਦਾ ਫੈਸਲਾ ਬੇਹੱਦ ਹੀ ਚੰਗਾ ਹੈ ਅਤੇ ਇਸ ਨੂੰ ਅਸੀਂ ਸਾਰੇ ਹੀ ਸਲਾਉਂਦੇ ਹਾਂ, ਪਰ ਇਸ ਫੈਸਲੇ ਨੂੰ ਧਾਰਮਿਕ ਸਥਾਨਾਂ ਦੇ ਸੰਚਾਲਕਾਂ ਨੂੰ ਵੀ ਮੰਨਣਾ ਚਾਹੀਦਾ ਹੈ ਅਤੇ ਲਾਊਡ ਸਪੀਕਰ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਮਾਣਯੋਗ ਹਾਈਵੋਟ ਦੇ ਵਲੋਂ ਪੰਜ ਵੱਖ-ਵੱਖ ਪਟੀਸ਼ਨਾਂ 'ਤੇ ਬੀਤੇ ਦਿਨੀਂ ਸੁਣਵਾਈ ਕਰਦਿਆਂ ਧਾਰਮਿਕ ਸਥਾਨਾਂ ਨੂੰ ਇਜਾਜ਼ਤ ਦੇਣ ਤੋਂ ਪਹਿਲਾਂ ਇਹ ਹਦਾਇਤ ਵੀ ਕੀਤੀ ਕਿ ਇਹ ਅਹਿਦ ਲਿਆ ਜਾਵੇ ਕਿ ਲਾਊਡ ਸਪੀਕਰ ਦੀ ਆਵਾਜ਼ ਦਾ ਪੱਧਰ 10 ਡੈਸੀਬਲ ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਹ ਵੀ ਹਦਾਇਤ ਕੀਤੀ ਗਈ ਕਿ ਲਾਊਡ ਸਪੀਕਰ, ਜਨਤਕ ਸੂਚਨਾ ਪ੍ਰਣਾਲੀ, ਸੰਗੀਤ ਦੇ ਸਾਧਨ ਅਤੇ ਸਾਊਂਡ ਐਾਪਲੀਫਾਇਰ ਆਡੀਟੋਰੀਅਮ, ਕਾਨਫ਼ਰੰਸ ਰੂਮ, ਕਮਿਊਨਿਟੀ ਹਾਲ, ਬੈਂਕੁਇਟ ਹਾਲ ਆਦਿ ਵਿਚ ਵੀ ਰਾਤ ਦੇ ਸਮੇਂ ਨਾ ਚਲਾਏ ਜਾਣ। ਦੱਸ ਦਈਏ ਕਿ ਮਾਣਯੋਗ ਹਾਈਕੋਰਟ ਦੇ ਵਲੋਂ ਜਾਰੀ ਨਿਰਦੇਸ਼ ਦੇ ਮੁਤਾਬਿਕ 'ਪਬਲਿਕ ਐਡਰੈੱਸ ਸਿਸਟਮ' ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਾ ਵਰਤੇ ਜਾਣ, ਸਾਲਾਨਾ ਇਮਤਿਹਾਨ ਤੋਂ 15 ਦਿਨ ਪਹਿਲਾਂ ਜਾਂ ਇਮਤਿਹਾਨ ਦੌਰਾਨ ਕਿਸੇ ਵੀ ਕਿਸਮ ਦੇ ਲਾਊਡ ਸਪੀਕਰ ਦੀ ਆਗਿਆ ਨਹੀਂ ਹੋਵੇਗੀ। ਹਾਈਕੋਰਟ ਨੇ ਸਮੂਹ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਐਮਰਜੈਂਸੀ ਨੂੰ ਛੱਡ ਕੇ ਰਿਹਾਇਸ਼ੀ ਇਲਾਕਿਆਂ ਵਿਚ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਵਿਚਕਾਰ ਕੋਈ ਵੀ ਸਾਊਂਡ ਸਿਸਟਮ ਨਾ ਚਲਾਇਆ ਜਾਵੇ। ਦੇਖਣਾ ਹੁਣ ਇਹ ਹੋਵੇਗਾ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਕਿੰਨੀਂ ਕੁ ਪਾਲਣਾ ਹੁੰਦੀ ਹੈ?

0 Comments